ਸਿਰਸਾ : ਕਾਲਾਂਵਾਲੀ ਬਲਾਕ ਦੇ ਪਿੰਡ ਦਾਦੂ ਦੇ ਲੋਕਾਂ ਨੇ ਪੰਚਾਇਤ ’ਚ ਲਿਖਤੀ ਮਤਾ ਪਾ ਕੇ ਹਰਿਆਣਾ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਬਾਈਕਾਟ ਕੀਤਾ ਹੈ। ਪਿੰਡ ਵਾਲਿਆਂ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਜੋ ਕੋਈ ਦਾਦੂਵਾਲ ਕੋਲ ਜਾਵੇਗਾ, ਉਸਦਾ ਵੀ ਬਾਈਕਾਟ ਕੀਤਾ ਜਾਵੇਗਾ। ਦਾਦੂ ਪਿੰਡ ’ਚ ਹੋਈ ਪੰਚਾਇਤ ’ਚ ਵੱਡੀ ਗਿਣਤੀ ’ਚ ਪਿੰਡ ਵਾਸੀ ਤੇ ਕਿਸਾਨ ਮੌਜੂਦ ਸਨ। ਪੰਚਾਇਤ ’ਚ ਸ਼ਾਮਲ ਗੁਰਦਾਸ ਸਿੰਘ, ਦਲੀਪ ਸਿੰਘ, ਮੰਦਰ ਸਿੰਘ, ਜਗਬੀਰ ਸਿੰਘ, ਜਲੌਰ ਸਿੰਘ, ਮੇਵਾ ਮਾਨ, ਗੇਲਾ ਨੰਬਰਦਾਰ, ਗੁਰਪਾਲ ਸਿੰਘ ਤੇ ਹੋਰ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਦਾਦੂਵਾਲ ਭਾਜਪਾ ਲੀਡਰਾਂ ਨੂੰ ਪਿੰਡ ’ਚ ਬੁਲਾ ਕੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ। ਜੇਕਰ ਪਿੰਡ ’ਚ ਕੋਈ ਅਨਹੋਣੀ ਘਟਨਾ ਹੁੰਦੀ ਹੈ ਤਾਂ ਉਸਦਾ ਜ਼ਿੰਮੇਵਾਰ ਦਾਦੂਵਾਲ ਹੀ ਹੋਵੇਗਾ। ਜਦੋਂ ਸਾਰੇ ਕਿਸਾਨਾਂ ਨੇ ਭਾਜਪਾ ਦਾ ਬਾਈਕਾਟ ਕੀਤਾ ਹੋਇਆ ਤਾਂ ਦਾਦੂਵਾਲ ਪਿੰਡ ’ਚ ਭਾਜਪਾ ਲੀਡਰਾਂ ਨੂੰ ਕਿਉਂ ਬੁਲਾ ਰਿਹਾ ਹੈ। ਕਿਸਾਨ ਨੇਤਾ ਗੁਰਦਾਸ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਦਾਦੂਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕਰਕੇ ਕਿਸਾਨਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਦਾਦੂਵਾਲ ਭਾਜਪਾ ਦਾ ਏਜੰਟ ਹੈ।