Haryana New Cabinet: ਹਰਿਆਣਾ 'ਚ ਨਵੀਂ ਸਰਕਾਰ ਦੇ ਵਿਧਾਨ ਸਭਾ ਸੈਸ਼ਨ ਦੀ ਤਰੀਕ ਤੈਅ ਹੋ ਗਈ ਹੈ। ਸੈਸ਼ਨ 25 ਅਕਤੂਬਰ ਨੂੰ ਸ਼ੁਰੂ ਹੋਵੇਗਾ। ਸਦਨ ਦੀ ਕਾਰਵਾਈ 2 ਦਿਨ ਤੱਕ ਚੱਲੇਗੀ। ਵਿਧਾਨ ਸਭਾ ਦੇ ਸਭ ਤੋਂ ਸੀਨੀਅਰ ਵਿਧਾਇਕ ਰਘੁਬੀਰ ਸਿੰਘ ਕਾਦਿਆਨ ਨੂੰ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਾਦਿਆਨ ਸਪੀਕਰ ਰਹਿ ਚੁੱਕੇ ਹਨ। ਰਾਜਪਾਲ ਬੰਡਾਰੂ ਦੱਤਾਤ੍ਰੇਅ 25 ਅਕਤੂਬਰ ਨੂੰ ਸਵੇਰੇ 10 ਵਜੇ ਕਾਦਿਆਨ ਨੂੰ ਪ੍ਰੋਟੇਮ ਸਪੀਕਰ ਵਜੋਂ ਅਹੁਦੇ ਦੀ ਸਹੁੰ ਚੁਕਾਉਣਗੇ। ਇਸ ਤੋਂ ਬਾਅਦ ਪ੍ਰੋਟੇਮ ਸਪੀਕਰ ਸਾਰੇ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ।
ਇਸ ਦੌਰਾਨ ਵਿਧਾਨ ਸਭਾ ਵਿੱਚ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਵੀ ਕੀਤੀ ਜਾਵੇਗੀ। ਚਰਚਾ ਹੈ ਕਿ ਵਿਧਾਇਕ ਹਰਵਿੰਦਰ ਕਲਿਆਣ ਜਾਂ ਵਿਧਾਇਕ ਮੂਲਚੰਦ ਸ਼ਰਮਾ ਨੂੰ ਸਪੀਕਰ ਬਣਾਇਆ ਜਾ ਸਕਦਾ ਹੈ। ਜਦੋਂਕਿ ਵਿਧਾਇਕ ਕ੍ਰਿਸ਼ਨ ਮਿੱਢਾ ਜਾਂ ਰਾਮਕੁਮਾਰ ਗੌਤਮ ਨੂੰ ਡਿਪਟੀ ਸਪੀਕਰ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਲਗਾਤਾਰ ਪੰਜ ਵਾਰ ਜਿੱਤ ਚੁੱਕੇ ਚੋਣ
ਦੱਸ ਦੇਈਏ ਕਿ ਝੱਜਰ ਜ਼ਿਲ੍ਹੇ ਦੀ ਬੇਰੀ ਵਿਧਾਨ ਸਭਾ ਸੀਟ ਤੋਂ 80 ਸਾਲਾ ਰਘੁਬੀਰ ਸਿੰਘ ਕਾਦਿਆਨ ਨੇ ਭਾਜਪਾ ਉਮੀਦਵਾਰ ਪਵਨ ਸੈਣੀ ਨੂੰ ਹਰਾਇਆ ਸੀ। ਕਾਦਿਆਨ ਨੂੰ 57,665 ਅਤੇ ਸੈਣੀ ਨੂੰ 33,070 ਵੋਟਾਂ ਮਿਲੀਆਂ। ਕਾਦਿਆਨ ਨੇ 1987 ਵਿੱਚ ਲੋਕ ਦਲ ਪਾਰਟੀ ਤੋਂ ਆਪਣੀ ਪਹਿਲੀ ਚੋਣ ਲੜੀ ਅਤੇ ਜਿੱਤੀ। ਇਸ ਤੋਂ ਬਾਅਦ 1991 ਵਿੱਚ ਉਨ੍ਹਾਂ ਨੇ ਜਨਤਾ ਦਲ ਤੋਂ ਚੋਣ ਲੜੀ, ਪਰ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ 1996 ਵਿਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ, ਇਸ ਵਾਰ ਵੀ ਉਹ ਹਾਰ ਗਏ। 2000 ਤੋਂ ਲਗਾਤਾਰ ਪੰਜ ਵਾਰ ਕਾਂਗਰਸ ਤੋਂ ਚੋਣ ਲੜੇ ਅਤੇ ਹਰ ਵਾਰ ਜਿੱਤੇ।
ਸੀਐਮ ਸੈਣੀ ਨੇ ਕੀਤੇ ਕਈ ਐਲਾਨ
ਨਾਇਬ ਸਿੰਘ ਸੈਣੀ ਨੇ ਦੂਜੀ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੀ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਕਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਗੁਰਦਿਆਂ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਮੁਫ਼ਤ ਡਾਇਲਸਿਸ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਸੀ, ਜੋ ਭਵਿੱਖ ਵਿੱਚ ਮੈਡੀਕਲ ਕਾਲਜਾਂ ਵਿੱਚ ਵੀ ਉਪਲਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਐਸਸੀ ਰਿਜ਼ਰਵੇਸ਼ਨ ਵਿੱਚ ਵਰਗੀਕਰਨ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਵੇਲੇ ਅਨੁਸੂਚਿਤ ਜਾਤੀਆਂ ਲਈ 15 ਪ੍ਰਤੀਸ਼ਤ ਅਤੇ ਐਸਟੀ ਲਈ 7.5 ਪ੍ਰਤੀਸ਼ਤ ਰਾਖਵਾਂਕਰਨ ਹੈ। ਇਸ 22.5 ਫੀਸਦੀ ਰਾਖਵੇਂਕਰਨ ਵਿੱਚ ਹੀ ਰਾਜ ਐਸਸੀ ਅਤੇ ਐਸਟੀ ਦੇ ਉਨ੍ਹਾਂ ਕਮਜ਼ੋਰ ਵਰਗਾਂ ਲਈ ਕੋਟਾ ਤੈਅ ਕਰ ਸਕੇਗਾ, ਜਿਨ੍ਹਾਂ ਦੀ ਨੁਮਾਇੰਦਗੀ ਘੱਟ ਹੈ।