Saturday, January 18, 2025

Political

Punjab Politics: ਪੰਜਾਬ ਚ ਕਿਉਂ ਮਾਤ ਖਾ ਰਹੀ ਭਾਜਪਾ, 38 ਪਰਸੈਂਟ ਹਿੰਦੂਆਂ ਤੇ ਵੀ ਨਹੀਂ ਚੱਲ ਰਿਹਾ PM ਮੋਦੀ ਦਾ ਮੈਜਿਕ

November 27, 2024 12:51 PM

Punjab BJP News: ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਪਾਰਟੀ ਨੇ ਆਪਣੇ ਦਮ 'ਤੇ ਕਈ ਸੂਬਿਆਂ ਵਿਚ ਸਰਕਾਰਾਂ ਵੀ ਬਣਾਈਆਂ ਹਨ। ਹਾਲ ਹੀ ਵਿੱਚ ਹਰਿਆਣਾ ਵਿੱਚ ਵੀ ਭਾਜਪਾ ਨੇ ਭਾਰੀ ਬਹੁਮਤ ਨਾਲ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਇਸ ਦੇ ਬਾਵਜੂਦ ਪਾਰਟੀ ਪੰਜਾਬ ਦੀ ਹਿੰਦੂ ਵਸੋਂ ਵਿੱਚ ਆਪਣੀ ਪਕੜ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ।

45 ਵਿਧਾਨ ਸਭਾ ਹਲਕਿਆਂ ਵਿੱਚ ਹਿੰਦੂ ਵੋਟਰ ਜ਼ਿਆਦਾ

2011 ਦੀ ਮਰਦਮਸ਼ੁਮਾਰੀ ਅਨੁਸਾਰ ਰਾਜ ਵਿੱਚ ਹਿੰਦੂਆਂ ਦੀ ਕੁੱਲ ਆਬਾਦੀ 38.5 ਫੀਸਦੀ ਹੈ। ਸੂਬੇ ਦੇ 45 ਵਿਧਾਨ ਸਭਾ ਹਲਕੇ ਅਜਿਹੇ ਹਨ ਜਿੱਥੇ ਹਿੰਦੂ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ, ਇਸ ਦੇ ਬਾਵਜੂਦ ਭਾਜਪਾ ਦਾ ਜਾਦੂ ਪੰਜਾਬੀ ਹਿੰਦੁਆਂ ਤੇ ਵੀ ਨਹੀਂ ਚੱਲ ਰਿਹਾ ਹੈ।

ਹਰ ਵਾਰ ਕਰਨਾ ਪਿਆ ਹਾਰ ਦਾ ਸਾਹਮਣਾ

ਪੰਜਾਬ ਦੀਆਂ ਵਿਧਾਨ ਸਭਾ, ਲੋਕ ਸਭਾ ਅਤੇ ਉਪ ਚੋਣਾਂ ਵਿੱਚ ਪਾਰਟੀ ਕੁਝ ਖਾਸ ਨਹੀਂ ਕਰ ਸਕੀ ਅਤੇ ਹਾਰ ਦਾ ਮੂੰਹ ਦੇਖਣਾ ਪਿਆ ਹੈ। ਸਿਆਸੀ ਮਾਹਿਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜਨਾ, ਅੰਦਰੂਨੀ ਧੜੇਬੰਦੀ ਅਤੇ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲ ਤਬਦੀਲ ਹੋਣ ਦੇ ਮੁੱਖ ਕਾਰਨ ਹਨ।

ਪੰਜਾਬ ਵਿੱਚ ਹਿੰਦੂ ਵੋਟ ਕਾਂਗਰਸ ਦੇ ਨਾਲ ਰਹੀ

ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਦਾ ਗ੍ਰਾਫ ਲਗਾਤਾਰ ਡਿੱਗ ਰਿਹਾ ਹੈ। ਸੂਬੇ ਵਿਚ ਹਿੰਦੂ ਵੋਟਾਂ ਹਮੇਸ਼ਾ ਕਾਂਗਰਸ ਦੇ ਨਾਲ ਹੀ ਗਈਆਂ ਹਨ ਪਰ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਭਾਜਪਾ ਨੂੰ ਵੀ ਹਿੰਦੂ ਵੋਟਰਾਂ ਦਾ ਸਮਰਥਨ ਮਿਲਿਆ ਹੈ। ਇਸੇ ਕਾਰਨ ਭਾਜਪਾ ਨੇ ਵੀ ਅਕਾਲੀ ਨਾਲ ਗਠਜੋੜ ਕਰਕੇ ਤਿੰਨ ਵਾਰ ਭਾਜਪਾ-ਅਕਾਲੀ ਸਰਕਾਰ ਬਣਾਈ। ਅਨੁਸੂਚਿਤ ਜਾਤੀ ਅਤੇ ਸ਼ਹਿਰੀ ਹਿੰਦੂ ਵੋਟਰਾਂ ਦੇ ਕਾਂਗਰਸ ਅਤੇ 'ਆਪ' ਵੱਲ ਜਾਣ ਕਾਰਨ ਪਾਰਟੀ ਨੂੰ ਵੀ ਨੁਕਸਾਨ ਹੋਇਆ ਹੈ। ਸ਼ਹਿਰੀ ਖੇਤਰਾਂ ਵਿੱਚ ਵੱਧ ਸੀਟਾਂ ਜਿੱਤਣ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਦੋ ਵਾਰ ਕਾਂਗਰਸ ਦੀ ਸਰਕਾਰ ਬਣਾਈ ਸੀ।

'ਆਪ' ਤੇ ਕਾਂਗਰਸ 'ਚ ਵੰਡੀਆਂ ਹਿੰਦੂ ਵੋਟਾਂ

ਇਸੇ ਤਰ੍ਹਾਂ 'ਆਪ' ਨੇ ਵੀ ਸਾਲ 2022 'ਚ ਪਹਿਲੀ ਵਾਰ ਹਿੰਦੂ ਪ੍ਰਧਾਨ ਸ਼ਹਿਰੀ ਖੇਤਰਾਂ 'ਚ ਵਧੀਆ ਪ੍ਰਦਰਸ਼ਨ ਕਰਕੇ ਸੂਬੇ 'ਚ ਆਪਣੀ ਸਰਕਾਰ ਬਣਾਈ ਸੀ। ਇਸ ਤਰ੍ਹਾਂ ਕਾਂਗਰਸ ਅਤੇ ‘ਆਪ’ ਦਰਮਿਆਨ ਹਿੰਦੂ ਸ਼ਹਿਰੀ ਵੋਟਾਂ ਦੀ ਵੰਡ ਅਤੇ ਅਕਾਲੀ ਸਮਰਥਕ ਅਕਾਲੀ ਦਲ ਨਾਲੋਂ ਗਠਜੋੜ ਤੋੜ ਕੇ ਪਾਰਟੀ ਤੋਂ ਦੂਰ ਚਲੇ ਜਾਣ ਕਾਰਨ ਭਾਜਪਾ ਨੂੰ ਵੀ ਨੁਕਸਾਨ ਹੋਇਆ ਹੈ। ਪਹਿਲਾਂ ਭਾਜਪਾ ਅਕਾਲੀ ਦਲ ਨਾਲ ਗਠਜੋੜ ਕਰਕੇ 23 ਵਿਧਾਨ ਸਭਾ ਸੀਟਾਂ ਅਤੇ 3 ਲੋਕ ਸਭਾ ਸੀਟਾਂ 'ਤੇ ਚੋਣ ਲੜਦੀ ਸੀ, ਪਰ ਹੁਣ ਪਾਰਟੀ ਨੂੰ ਆਪਣੇ ਦਮ 'ਤੇ ਵੱਧ ਤੋਂ ਵੱਧ ਸੀਟਾਂ 'ਤੇ ਚੋਣ ਲੜਨੀ ਪੈ ਰਹੀ ਹੈ।

ਧੜੇਬੰਦੀ ਵੀ ਇੱਕ ਵੱਡੀ ਸਮੱਸਿਆ

ਸੂਬਾਈ ਲੀਡਰਸ਼ਿਪ ਵਿੱਚ ਧੜੇਬੰਦੀ ਵੀ ਪਾਰਟੀ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਲਾਪਤਾ ਰਹੇ। ਅਕਾਲੀ ਦਲ ਨਾਲ ਗਠਜੋੜ ਤੋੜਨ ਤੋਂ ਬਾਅਦ, ਭਾਜਪਾ ਨੇ ਸਾਲ 2022 ਵਿਚ 73 ਸੀਟਾਂ 'ਤੇ ਆਪਣੇ ਦਮ 'ਤੇ ਵਿਧਾਨ ਸਭਾ ਚੋਣਾਂ ਲੜੀਆਂ ਸਨ, ਪਰ ਉਸ ਨੂੰ ਸਿਰਫ 2 ਸੀਟਾਂ ਹੀ ਮਿਲੀਆਂ ਸਨ। ਇਸ ਤੋਂ ਬਾਅਦ ਪਾਰਟੀ ਸੰਗਰੂਰ ਲੋਕ ਸਭਾ ਉਪ ਚੋਣ ਵੀ ਹਾਰ ਗਈ। 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ ਸੀ, ਜਦਕਿ ਹੁਣ ਪਾਰਟੀ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਵੀ ਖਾਲੀ ਹੱਥ ਰਹੀ।

Have something to say? Post your comment