Tuesday, January 21, 2025

Punjab

India Canada News: ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ 'ਚ ਨਿਰਾਸ਼ਾ, 4 ਮਹੀਨਿਆਂ ਤੋਂ ਵੀਜ਼ਾ ਮਨਜ਼ੂਰੀ ਦਾ ਕਰ ਰਹੇ ਇੰਤਜ਼ਾਰ, ਭਾਰਤ ਕੈਨੇਡਾ ਵਿਵਾਦ ਬਣੀ ਵਜ੍ਹਾ

November 27, 2024 03:06 PM

India Canada Dispute: ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਿਹਾ ਕੂਟਨੀਤਕ ਤਣਾਅ ਵਧਦਾ ਜਾ ਰਿਹਾ ਹੈ, ਜਿਸ ਦਾ ਅਸਰ ਭਾਰਤੀ ਖਾਸ ਕਰਕੇ ਪੰਜਾਬੀਆਂ 'ਤੇ ਸਾਫ ਦਿਖਾਈ ਦੇ ਰਿਹਾ ਹੈ। ਕਿਉਂਕਿ ਭਾਰਤ ਦੇ ਲੋਕਾਂ ਨੇ 4 ਮਹੀਨੇ ਤੋਂ ਟੂਰਿਸਟ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਹੋਈਆਂ ਹਨ, ਜਿਸ ਨੂੰ ਕੈਨੇਡਾ ਦੀ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਮਿਲ ਰਹੀ ਹੈ। ਦੂਜੇ ਪਾਸੇ, ਕੈਨੇਡਾ ਨੇ ਭਾਰਤ ਵਿੱਚ ਡਿਪਲੋਮੈਟਿਕ ਸਟਾਫ਼ ਘਟਾ ਦਿੱਤਾ ਹੈ, ਜਿਸ ਕਾਰਨ ਭਾਰਤੀਆਂ ਨੂੰ ਵੀਜ਼ਾ ਲੈਣ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਹੈ।

ਘੱਟ ਡਿਪਲੋਮੈਟ ਹੋਣ ਦਾ ਮਤਲਬ ਹੈ ਭਾਰਤੀਆਂ ਲਈ ਲੰਬਾ ਇੰਤਜ਼ਾਰ। ਕੈਨੇਡਾ ਲੰਬੇ ਸਮੇਂ ਤੋਂ ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਲਈ ਸਭ ਤੋਂ ਵਧੀਆ ਦੇਸ਼ ਮੰਨਿਆ ਜਾਂਦਾ ਰਿਹੈ। ਖਾਸ ਕਰਕੇ ਕੈਨੇਡਾ ਸ਼ੁਰੂ ਤੋਂ ਹੀ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਰਿਹੈ।

ਰਿਪੋਰਟ ਦੇ ਮੁਤਾਬਕ ਕਰੀਬ 25 ਲੱਖ ਲੋਕਾਂ ਦੀਆਂ ਅਰਜ਼ੀਆਂ ਪਿਛਲੇ 4 ਮਹੀਨੇ ਤੋਂ ਅਪਰੂਵਲ ਯਾਨਿ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੀਆਂ ਨੇ। ਇਨ੍ਹਾਂ ਵਿੱਚੋਂ 11 ਲੱਖ ਅਰਜ਼ੀਆਂ ਉਨ੍ਹਾਂ ਲੋਕਾਂ ਨੇ ਦਿੱਤੀਆਂ ਹਨ, ਜਿਨ੍ਹਾਂ ਨੇ ਕੈਨੇਡਾ ਵਿਆਹ ਅਟੈਂਡ ਕਰਨ ਲਈ ਜਾਣਾ ਹੈ ਅਤੇ ਕਈ ਲੋਕਾਂ ਨੇ ਆਪਣੇ ਬਿਜ਼ਨਸ ਦੇ ਸਿਲਸਿਲੇ 'ਚ ਵੀ ਬਾਹਰ ਜਾਣਾ ਹੈ। ਪਰ ਵੀਜ਼ਾ ਨਾ ਮਿਲਣ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ।

ਇਹੀ ਨਹੀਂ ਜਿਹੜੇ ਲੋਕਾਂ ਨੇ ਪੀਆਰ ਲਈ ਅਪਲਾਈ ਕੀਤਾ ਹੋਇਐ, ਉਨ੍ਹਾਂ ਦੀਆਂ ਅਰਜ਼ੀਆਂ ਵੀ ਇੰਮੀਗ੍ਰੇਸ਼ਨ ਦਫਤਰਾਂ 'ਚ ਰੁਲਦੀਆਂ ਫਿਰ ਰਹੀਆਂ ਹਨ। ਹਾਲਾਤ ਇਹ ਹਨ ਕਿ 3 ਲੱਖ ਤੋਂ ਜ਼ਿਆਦਾ ਅਰਜ਼ੀਆਂ 'ਤੇ ਅਪਰੂਵਲ ਮਿਲਣਾ ਬਾਕੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅਰਜ਼ੀਆਂ ਪੰਜਾਬੀਆਂ ਦੀਆਂ ਹਨ। ਇਹੀ ਨਹੀਂ, ਵੀਜ਼ਾ ਪ੍ਰੋਸੈਸਿੰਗ ਦੇ ਸਮੇਂ ਵਿੱਚ ਵਾਧੇ ਕਾਰਨ ਭਾਰਤੀ ਵਿਦਿਆਰਥੀਆਂ ਲਈ ਸਮੇਂ ਸਿਰ ਆਪਣੀ ਪੜ੍ਹਾਈ ਸ਼ੁਰੂ ਕਰਨਾ ਮੁਸ਼ਕਲ ਹੋ ਗਿਆ ਹੈ।

ਕੈਨੇਡਾ ਵਿੱਚ ਨਾਗਰਿਕਤਾ ਹਾਸਲ ਕਰਨ ਤੋਂ ਲੈ ਕੇ PR ਹਾਸਲ ਕਰਨ ਤੱਕ ਦਾ ਇੰਤਜ਼ਾਰ ਲੰਮਾ ਹੁੰਦਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਕੈਨੇਡਾ ਵਿੱਚ ਇਮੀਗ੍ਰੇਸ਼ਨ ਲਈ ਅਰਜ਼ੀਆਂ ਦਾ ਵੱਡਾ ਢੇਰ ਲੱਗਾ ਹੋਇਆ ਹੈ। ਇਸ ਤੋਂ ਪੰਜਾਬੀ ਨੌਜਵਾਨ ਖਾਸ ਕਰਕੇ ਪ੍ਰਭਾਵਤ ਹੋ ਰਹੇ ਹਨ। ਵੀਜ਼ਾ ਮਾਹਰ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਕੋਲ 10,97,000 ਅਰਜ਼ੀਆਂ ਹਨ ਜੋ ਉਨ੍ਹਾਂ ਦੀ ਪ੍ਰੋਸੈਸਿੰਗ ਦੇ ਸਮੇਂ ਤੋਂ ਵੱਧ ਸਮੇਂ ਤੋਂ ਪੈਂਡਿੰਗ ਹਨ। 30 ਸਤੰਬਰ ਤੱਕ, ਕੈਨੇਡਾ ਵਿੱਚ ਨਾਗਰਿਕਤਾ, ਸਥਾਈ ਨਾਗਰਿਕਤਾ ਅਤੇ ਅਸਥਾਈ ਨਾਗਰਿਕਤਾ ਲਈ ਕੁੱਲ 24,50,600 ਅਰਜ਼ੀਆਂ ਪ੍ਰਕਿਰਿਆ ਅਧੀਨ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀਆਂ ਦੀ ਹਨ।

Have something to say? Post your comment