Friday, April 04, 2025

Punjab

Sidhu Moosewala's Last Prayer: ਸੀਐਮ ਮਾਨ ਨੇ ਸਿੱਧੂ ਮੂਸੇਵਾਲਾ ‌ਦੀ ਅੰਤਿਮ ਅਰਦਾਸ 'ਚ ਭੇਜਿਆ ਭਾਵੁਕ ਸ਼ੋਕ ਸੰਦੇਸ਼

Sidhu Moosewala's Last Prayer

June 08, 2022 04:46 PM

ਮੋਹਾਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‌ਦੀ ਅੰਤਿਮ ਅਰਦਾਸ ਵਿੱਚ ਅੱਜ ਵੱਡੀ ਗਿਣਤੀ ਲੋਕ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਪ੍ਰਸ਼ੰਸਕਾਂ ਤੋਂ ਇਲਾਵਾ ਸਿਆਸੀ ਲੀਡਰ ਵੀ ਦੁੱਖ ਵਿੱਚ ਸ਼ਰੀਕ ਹੋਏ। ਅੰਤਿਮ ਅਰਦਾਸ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਸੀ ਕਿ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਮਾਨਸਾ ਦੀ ਆਧੁਨਿਕ ਅਨਾਜ ਮੰਡੀ ਵਿੱਚ ਕੀਰਤਨ ਹੋਇਆ ਤੇ ਹਜ਼ਾਰਾਂ ਲੋਕ ਸਵੇਰ ਤੋਂ ਹੀ ਪੁੱਜਣੇ ਸ਼ੁਰੂ ਹੋ ਚੁੱਕੇ ਸਨ। ਭੋਗ ਦੀ ਸਮਾਪਤੀ ’ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਾਰੇ ਪਹੁੰਚੇ ਹੋਏ ਲੋਕਾਂ ਦਾ ਧੰਨਵਾਦ ਕੀਤਾ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ੋਕ ਸੰਦੇਸ਼ ਭੇਜਿਆ। ਉਨ੍ਹਾਂ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਪਰਿਵਾਰਕ ਮੈਂਬਰਾਂ ਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਤੇ ਭਾਣਾ ਮੰਨਣ ਦਾ ਬਲ ਬਖਸ਼ਣ।

ਕੁਝ ਦਿਨ ਪਹਿਲਾਂ ਦਿਲ ਦਹਿਲਾਉਣ ਵਾਲੀ ਇਕ ਘਟਨਾ ਵਿਚ ਆਪ ਜੀ ਦੇ ਹੋਣਹਾਰ ਸਪੁੱਤਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਨੇ ਸਾਨੂੰ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੁੱਖ ਦੀ ਇਸ ਘੜੀ ਵਿੱਚ ਮੈਂ ਆਪ ਜੀ ਦੇ ਸਮੂਹ ਪਰਿਵਾਰਕ ਮੈਂਬਰਾਂ ਨਾਲ ਸ਼ਰੀਕ ਹੁੰਦਾ ਹੋਇਆ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਭਰ ਜਵਾਨੀ ਵਿਚ ਪੁੱਤ ਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਜਿੱਥੇ ਪਰਿਵਾਰ ਲਈ ਅਸਹਿ ਤੇ ਅਕਹਿ ਹੈ, ਉਥੇ ਹੀ ਪੰਜਾਬ, ਪੰਜਾਬੀਆਂ ਤੇ ਦੁਨੀਆ ਭਰ ਵਿਚ ਉਨ੍ਹਾਂ ਨੂੰ ਚਾਹੁਣ ਵਾਲਿਆਂ ਲਈ ਇਹ ਇਕ ਡੂੰਘਾ ਸਦਮਾ ਤੇ ਨਾ ਪੂਰਿਆ ਜਾਣਾ ਵਾਲਾ ਘਾਟਾ ਹੈ।

ਸ਼ੁਭਦੀਪ ਸਿੰਘ ਸਿੱਧੂ ਨੇ ਪੰਜਾਬੀ ਗਾਇਕੀ ਦੀ ਹੀ ਨਹੀਂ ਸਗੋਂ ਆਪਣੇ ਪਿੰਡ ਮੂਸਾ ਦੀ ਮਿੱਟੀ ਦੀ ਖੁਸ਼ਬੋ ਨੂੰ ਹੱਦਾਂ-ਸਰਹੱਦਾਂ ਤੋਂ ਵੀ ਪਾਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ। ਸਿੱਧੂ ਮੂਸੇਵਾਲਾ ਨੇ ਭਾਵੇ ਗਾਇਕ ਵਜੋਂ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਪਰ ਆਪਣੇ ਜੱਦੀ ਕਿੱਤੇ ਖੇਤੀ ਨਾਲ ਜੁੜੇ ਰਹਿਣ ਅਤੇ ਆਖਰੀ ਦਮ ਤੱਕ ਮਾਪਿਆਂ ਦਾ ਪਰਛਾਵਾਂ ਬਣੇ ਰਹਿਣ ਦੀ ਵਿਲੱਖਣ ਜੀਵਨ ਜਾਚ ਸਦਕਾ ਹਜ਼ਾਰਾਂ ਨੌਜਵਾਨਾਂ ਦੇ ਦਿਲਾਂ ਨੂੰ ਟੁੰਬਿਆ ਤੇ ਸੇਧ ਦਿੱਤੀ। ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ।

Have something to say? Post your comment