ਮਾਨਸਾ: ਕਾਂਗਰਸੀ ਲੀਡਰ ਰਾਹੁਲ ਗਾਂਧੀ ਅੱਜ ਸਿੱਧੂ ਮੂਸੇਵਾਲਾ ਦੇ ਘਰ ਅਫ਼ਸੋਸ ਪ੍ਰਗਟ ਕਰਨ ਲਈ ਪਹੁੰਚੇ। ਉਨ੍ਹਾਂ ਨਾਲ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਵੀ ਮੌਜੂਦ ਰਹੀ।ਪੰਜਾਬ ਦੌਰੇ 'ਤੇ ਆਏ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਵੱਡੀ ਖ਼ਾਮੀ ਸਾਹਮਣੇ ਆਈ ਹੈ। ਮਾਨਸਾ ਜਾ ਰਹੇ ਰਾਹੁਲ ਦਾ ਕਾਫ਼ਲਾ ਗ਼ਲਤ ਰਸਤੇ ਭਟਕ ਗਿਆ। ਕਰੀਬ 15 ਮਿੰਟ ਤਕ ਕਾਫ਼ਲਾ ਗ਼ਲਤ ਰੂਟ 'ਤੇ ਰਿਹਾ। ਰਾਹੁਲ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਆਏ ਹਨ। ਉਹ ਚੰਡੀਗੜ੍ਹ ਤੋਂ ਸੜਕ ਮਾਰਗ ਰਾਹੀਂ ਇੱਥੇ ਪਹੁੰਚੇ। 12 ਵਜੇ ਰਾਹੁਲ ਮੂਸੇਵਾਲਾ ਦੇ ਘਰ ਪਹੁੰਚੇ। ਜ਼ਿਕਰਯੋਗ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਨੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਸੀ ਤਾਂ ਉਹ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ ਗਏ ਸਨ। ਸਿੱਧੂ ਮੂਸੇਵਾਲਾ ਦਾ ਪਰਿਵਾਰ 4 ਜੂਨ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲ ਚੁੱਕਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਚੁੱਕੇ ਹਨ। ਉਧਰ, ਚਰਚਾ ਹੈ ਕਿ ਬੇਸ਼ੱਕ ਕਾਂਗਰਸੀ ਨੇਤਾ ਰਾਹੁਲ ਗਾਂਧੀ ਅਫ਼ਸੋਸ ਪ੍ਰਗਟ ਕਰਨ ਲਈ ਆਏ ਹਨ ਪਰ ਪੰਜਾਬ ਕਾਂਗਰਸ ’ਚੋਂ ਕਈ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਸੂਬੇ ਦਾ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਤੇ ਅੰਤਿਮ ਅਰਦਾਸ 8 ਜੂਨ ਨੂੰ ਹੋਵੇਗੀ। ਇਸ ਦਿਨ ਦੇ ਸਬੰਧ ਵਿੱਚ ਪਰਿਵਾਰ ਤੇ ਦੋਸਤਾਂ ਵੱਲੋਂ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ। ਪਰਿਵਾਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ 8 ਤਰੀਕ ਨੂੰ ਨੌਜਵਾਨ ਪੱਗ ਬੰਨ੍ਹ ਕੇ ਭੋਗ ਵਿੱਚ ਸ਼ਾਮਲ ਹੋਣ।