ਮੋਹਾਲੀ : ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਪੰਜਾਬ ਦੇ ਗੈਂਗਸਟਰ ਚਰਚਾ ਵਿਚ ਆ ਗਏ ਹਨ। ਲੋਕਾਂ ਲਈ ਡਰ ਦਾ ਕਾਰਨ ਬਣੇ ਗੈਂਗਸਟਰ ਵੀ ਇਨ੍ਹੀਂ ਦਿਨੀਂ ਦਹਿਸ਼ਤ ਵਿਚ ਹਨ। ਮੌਤ ਦੇ ਡਰ ਕਾਰਨ ਇਹ ਗੈਂਗਸਟਰ ਫ਼ਰਿਆਦੀ ਬਣ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ 'ਚ ਪਹੁੰਚ ਰਹੇ ਹਨ। ਪਿਛਲੇ ਹਫਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜਾਨ ਨੂੰ ਖ਼ਤਰਾ ਦੱਸ ਕੇ ਪਟੀਸ਼ਨ ਦਾਇਰ ਕੀਤੀ ਸੀ। ਉਕਤ ਪਟੀਸ਼ਨ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਸੀ। ਹੁਣ ਦੋ ਹੋਰ ਗੈਂਗਸਟਰਾਂ ਜੰਗੂ ਭਗਵਾਨਪੁਰੀਆ ਤੇ ਅਮਿਤ ਡਾਗਰ ਨੇ ਵੀ ਆਪਣੀ ਜਾਨ ਨੂੰ ਖ਼ਤਰਾ ਦੱਸ ਕੇ ਸੁਰੱਖਿਆ ਲਈ ਹਾਈ ਕੋਰਟ ਤੋਂ ਮੰਗ ਕੀਤੀ ਸੀ। ਹਾਈ ਕੋਰਟ ਦੀ ਵੈਕੇਸ਼ਨ ਬੈਂਚ ਨੇ ਸੋਮਵਾਰ ਨੂੰ ਇਨ੍ਹਾਂ ਦੋਵਾਂ ਪਟੀਸ਼ਨਾਂ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਜੱਗੂ ਭਗਵਾਨਪੁਰੀਆ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ। ਉਹ ਉਥੇ ਹੀ ਪਟੀਸ਼ਨ ਦਾਖਲ ਕਰੇ। ਕੋਰਟ ਨੇ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਤਿਹਾੜ ਜੇਲ੍ਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ। ਦੂਜੇ ਪਾਸੇ ਬਠਿੰਡਾ ਜੇਲ੍ਹ ਵਿਚ ਬੰਦ ਗੈਂਗਸਟਰ ਅਮਿਤ ਡਾਗਰ ਨੇ ਇਸੇ ਤਰ੍ਹਾਂ ਦੀ ਮੰਗ 'ਤੇ ਹਾਈ ਕੋਰਟ ਨੇ ਉਸ ਨੂੰ ਟਰਾਇਲ ਕੋਰਟ 'ਚ ਪਟੀਸ਼ਨ ਦਾਇਰ ਕਰਨ ਦੀ ਸਲਾਹ ਦਿੱਤੀ। ਤਿਹਾੜ ਜੇਲ੍ਹ ਵਿਚ ਬੰਦ ਜੱਗੂ ਭਗਵਾਨਪੁਰੀਆ ਵੱਲੋਂ ਉਸ ਦੀ ਮਾਂ ਨੇ ਹਾਈ ਕੋਰਟ ਨੇ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਜਾਂਚ ਤੇ ਪੁੱਛਗਿੱਛ ਲਈ ਜੱਗੂ ਨੂੰ ਬੁਲਟ ਪਰੂਫ ਜੈਕਟ ਪਹਿਨਾ ਕੇ ਅਤੇ ਬੁਲਟ ਪਰੂਫ ਕਾਰ ਵਿਚ ਹੀ ਜੇਲ੍ਹ 'ਚੋਂ ਬਾਹਰ ਲਿਆਂਦਾ ਜਾਵੇ। ਕਾਰਨ, ਉਸ ਦੇ ਵਿਰੋਧੀ ਗੈਂਗਸਟਰ ਉਸ 'ਤੇ ਹਮਲਾ ਕਰ ਸਕਦੇ ਹਨ। ਇੰਨਾ ਹੀ ਨਹੀਂ, ਜੱਗੂ ਦੀ ਮਾਂ ਨੇ ਪੁਲਿਸ 'ਤੇ ਵੀ ਆਪਣੇ ਪੁੱਤਰ ਦਾ ਪੁਲਿਸ ਮੁਕਾਬਲਾ ਕਰਨ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਸਬੰਧ 'ਚ ਦਾਇਰ ਪਟੀਸ਼ਨ 'ਚ ਕਿਹਾ ਹੈ ਕਿ ਪਿਛਲੇ ਸਾਲ ਵਿੱਕੀ ਮਿੱਡੂਖੇੜਾ ਦੀ ਹੱਤਿਆ ਵਿਚ ਜਦੋਂ ਕੋਈ ਕਾਮਯਾਬੀ ਨਹੀਂ ਮਿਲੀ ਸੀ ਤਾਂ ਪੁਲਿਸ ਨੇ ਉਸ ਦੇ ਪੁੱਤਰ ਦਾ ਨਾਂ ਇਸ ਮਾਮਲੇ ਵਿਚ ਸ਼ਾਮਲ ਕਰ ਦਿੱਤਾ ਸੀ।