Sidhu Moosewala Murder : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਤਰਨਤਾਰਨ ਦੇ ਪਿੰਡ ਜੋੜਾ ਨਿਵਾਸੀ ਜਗਰੂਪ ਸਿੰਘ ਰੂਪਾ ਦਾ ਨਾਂ ਸ਼ੱਕੀ ਸ਼ੂਟਰਾਂ ਦੀ ਸੂਚੀ ’ਚ ਸਾਹਮਣੇ ਆਉਣ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਿਸ ਨੇ ਉਸ ਦੇ ਘਰ ਸੋਮਵਾਰ ਨੂੰ ਛਾਪਾ ਮਾਰਿਆ। ਹਾਲਾਂਕਿ ਉਸ ਵੇਲੇ ਰੂਪਾ ਦਾ ਪਰਿਵਾਰ ਘਰ ਨਹੀਂ ਮਿਲਿਆ ਪਰ ਕੁਝ ਸਮੇਂ ਬਾਅਦ ਉਸ ਦੀ ਮਾਂ ਨੇ ਮੀਡੀਆ ਸਾਹਮਣੇ ਆ ਕੇ ਸਾਫ ਕਿਹਾ ਹੈ ਕਿ ਜੇ ਉਸ ਦੇ ਲੜਕੇ ਨੇ ਮੂਸੇਵਾਲਾ ਦਾ ਕਤਲ ਕੀਤਾ ਹੈ ਤਾਂ ਜਿਥੇ ਮਿਲੇ, ਗੋਲ਼ੀ ਮਾਰ ਦਿੱਤੀ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਨਸ਼ੇ ਕਰਨ ਦਾ ਆਦੀ ਉਨ੍ਹਾਂ ਦਾ ਲੜਕਾ ਕਈ ਸਾਲਾਂ ਤੋਂ ਘਰ ਨਹੀਂ ਆਇਆ ਜਦੋਂਕਿ ਉਨ੍ਹਾਂ ਨੇ 5 ਸਾਲ ਪਹਿਲਾਂ ਹੀ ਉਸ ਨੂੰ ਬੇਦਖਲ ਕਰ ਦਿੱਤਾ ਸੀ।
ਦੱਸ ਦਈਏ ਕਿ ਸੋਮਵਾਰ ਨੂੰ ਸੋਸ਼ਲ ਮੀਡੀਆ ’ਚ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਿਚ ਸ਼ਾਮਲ 8 ਸ਼ੱਕੀ ਸ਼ੂਟਰਾਂ ਦਾ ਨਾਂ ਆਇਆ ਸੀ, ਜਿਸ ਵਿਚ ਤਰਨਤਾਰਨ ਦੇ ਪਿੰਡ ਜੋੜਾ ਦਾ ਰਹਿਣ ਵਾਲਾ ਜਗਰੂਪ ਸਿੰਘ ਰੂਪਾ ਵੀ ਸ਼ਾਮਲ ਸੀ। ਪੰਜਾਬ ਦੇ ਹਾਈ ਪ੍ਰੋਫਾਈਲ ਕਤਲ ਕਾਂਡ ਵਿਚ ਉਸ ਦਾ ਨਾਂ ਆਉਣ ਤੋਂ ਬਾਅਦ ਜਿਥੇ ਸਾਰਾ ਇਲਾਕਾ ਹੈਰਾਨ ਹੈ ਮਿਲੀ ਜਾਣਕਾਰੀ ਅਨੁਸਾਰ ਰੂਪਾ ਦਾ ਪਿਤਾ ਬਲਵਿੰਦਰ ਸਿੰਘ ਪਹਿਲਾਂ ਡਰਾਇਵਰੀ ਦੇ ਪੇਸ਼ੇ ਨਾਲ ਜੁੜਿਆ ਹੋਇਆ ਸੀ ਪਰ ਉਸ ਦੇ ਫ਼ੌਜ ਵਿਚ ਨੌਕਰੀ ਕਰਦੇ ਲੜਕੇ ਰਣਜੋਤ ਸਿੰਘ ਦੇ ਕਹਿਣ ’ਤੇ ਉਸ ਨੇ ਇਹ ਪੇਸ਼ਾ ਛੱਡ ਦਿੱਤਾ ਅਤੇ ਆਪਣੀ ਦੋ ਏਕੜ ਜ਼ਮੀਨ ਵਿਚ ਖੇਤੀਬਾੜੀ ਕਰਨ ਲੱਗਾ।