Wednesday, April 02, 2025

Punjab

ਪੰਜਾਬ ਸਰਕਾਰ ਦਾ ਵੱਡਾ ਐਲਾਨ; ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਲੱਗੇਗੀ ਪਾਬੰਦੀ

Punjab Government

June 05, 2022 03:49 PM

ਚੰਡੀਗੜ੍ਹ :  ਸੂਬੇ ਨੂੰ ਹਰਿਆ-ਭਰਿਆ ਅਤੇ ਸਿਹਤਮੰਦ ਬਣਾਉਣ ਲਈ ਕਾਰਬਨ ਨਿਕਾਸੀ ਨੂੰ ਘਟਾਉਣ ਵਾਸਤੇ ਪੰਜਾਬ ਸਰਕਾਰ ਨੇ ਅੱਜ ਆਉਂਦੇ ਜੁਲਾਈ ਮਹੀਨੇ ਤੋਂ ਇਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਿਟਕ (ਸਿੰਗਲ ਯੂਜ਼ ਪਲਾਸਟਿਕ) 'ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ।

ਵਿਸ਼ਵ ਵਾਤਾਵਰਣ ਦਿਵਸ-2022 ਨੂੰ ਮਨਾਉਣ ਲਈ ਵਰਚੁਅਲ ਤੌਰ ’ਤੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਦੇ ਸਕੱਤਰ ਰਾਹੁਲ ਤਿਵਾੜੀ ਨੇ ਸੂਬੇ ਵਿੱਚ ਵਾਤਾਵਰਣ ਦੀ ਸੁਰੱਖਿਆ ਲਈ ਸੂਬਾ ਸਰਕਾਰ ਦੇ ਫੈਸਲੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਅਤੇ ਸਿਹਤਮੰਦ ਬਣਾਉਣ ਲਈ ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਾਈ ਜਾਵੇਗੀ। ਰਾਹੁਲ ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਮਹਾਨ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਪੰਜਾਬ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਪੂਰਨ ਤੌਰ ਉਤੇ ਵਚਨਬੱਧ ਹੈ।

ਸੂਬਾ ਭਰ ਵਿੱਚ 55 ਐਸ.ਟੀ.ਪੀਜ਼ ਸਥਾਪਤ ਕਰਨ ਦਾ ਐਲਾਨ ਕਰਦਿਆਂ ਸਕੱਤਰ ਨੇ ਦੱਸਿਆ ਕਿ ਇਹ ਅਤਿ-ਆਧੁਨਿਕ ਪਲਾਂਟ ਜਲ ਪ੍ਰਦੂਸ਼ਣ ਦੇ ਪੱਧਰ ਨੂੰ ਕੁਝ ਹੱਦ ਤੱਕ ਘਟਾਉਣ ਦੇ ਨਾਲ-ਨਾਲ ਸੋਧੇ ਹੋਏ ਪਾਣੀ ਦੀ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਲਈ ਵਰਤੋਂ ਕਰਨਗੇ। ਜੈਵਿਕ ਬਾਲਣ ਅਧਾਰਿਤ ਉਦਯੋਗਿਕ ਇਕਾਈਆਂ ਨੂੰ ਕੁਦਰਤੀ ਗੈਸ ਅਧਾਰਿਤ ਯੂਨਿਟਾਂ ਵਿੱਚ ਤਬਦੀਲ ਕਰਨ ਲਈ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਉਦਯੋਗਿਕ ਇਕਾਈਆਂ ਵਿੱਚ ਅਤਿ ਆਧੁਨਿਕ ਮੀਟਰ ਲਗਾ ਕੇ ਉਦਯੋਗਿਕ ਇਕਾਈਆਂ ਦੀ ਆਨਲਾਈਨ ਨਿਗਰਾਨੀ ਸ਼ੁਰੂ ਕੀਤੀ ਹੈ ਅਤੇ ਨਾਲ ਹੀ ਇਸ ਦੀ ਜਾਂਚ ਕਰਨ ਲਈ ਆਨਲਾਈਨ ਨਿਗਰਾਨੀ ਸਟੇਸ਼ਨ ਵੀ ਸ਼ੁਰੂ ਕੀਤੇ ਹਨ ਤਾਂ ਕਿ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਦਾ ਪੱਧਰ ਘਟਾਇਆ ਜਾ ਸਕੇ। ਰਾਹੁਲ ਤਿਵਾੜੀ ਨੇ ਦੱਸਿਆ ਕਿ ਇਸ ਸਾਲ 1.20 ਕਰੋੜ ਬੂਟੇ ਲਗਾਉਣ ਦਾ ਟੀਚਾ ਤੈਅ ਕੀਤਾ ਹੈ ਅਤੇ ਕਾਰਬਨ ਨਿਕਾਸੀ ਨੂੰ ਘਟਾਉਣ ਲਈ ‘ਕਲਾਈਮੇਟ ਐਕਸ਼ਨ ਪਲਾਨ 2.0’ ਤਿਆਰ ਹੈ।

ਇਕ ਹੋਰ ਪਹਿਲਕਦਮੀ ਵਿੱਚ ਸਕੱਤਰ ਨੇ ਵਾਤਾਵਰਨ ਦੀ ਰਾਖੀ ਅਤੇ ਸੂਬੇ ਦੇ ਬਹੁਮੁੱਲੇ ਕੁਦਰਤੀ ਵਸੀਲਿਆਂ ਦੀ ਸੰਭਾਲ ਵਿੱਚ ਸ਼ਾਨਦਾਰ ਯੋਗਦਾਨ ਲਈ ਮੌਜੂਦਾ ਵਰ੍ਹੇ ਤੋਂ ‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਨ ਪੁਰਸਕਾਰ’ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਵਿਅਕਤੀਆਂ/ਸੰਸਥਾਵਾਂ ਵੱਲੋਂ ਕੀਤੀ ਗਈ ਬੇਮਿਸਾਲ ਮਿਹਨਤ ਦਾ ਸਨਮਾਨ ਹੋਵੇਗਾ। ਰਾਹੁਲ ਤਿਵਾੜੀ ਨੇ ਕਿਹਾ ਕਿ ਇਹ ਐਵਾਰਡ ਧਰਤੀ ਦੇ ਮਹਾਨ ਸਪੁੱਤਰ ਅਤੇ ਮਹਾਨ ਸ਼ਹੀਦ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ, ਜਿਨ੍ਹਾਂ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ।

Have something to say? Post your comment