ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ 'ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਨੇ ਸ਼ਨੀਵਾਰ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਉਪ ਚੋਣ ਲਈ ਆਪਣਾ ਨਾਮਜ਼ਦਗੀ ਪੱਤਰ ਭਰਿਆ। ਗੁਰਮੇਲ ਸਿੰਘ ਪਿੰਡ ਘਰਾਚੋ ਦੇ ਸਰਪੰਚ ਹੋਂਦ ਦੇ ਨਾਲ ਨਾਲ 'ਆਪ' ਦੇ ਜ਼ਿਲ੍ਹਾ ਸੰਗਰੂਰ ਦੇ ਇੰਚਾਰਜ ਵੀ ਹਨ ਅਤੇ ਪਾਰਟੀ ਹਾਈਕਮਾਂਡ ਨੇ ਸੰਗਰੂਰ ਲੋਕ ਸਭਾ ਹਲਕੇ ਦੀ ਉਪ ਚੋਣ ਲਈ ਗੁਰਮੇਲ ਸਿੰਘ ਦੇ ਨਾਂ 'ਤੇ ਸ਼ੁੱਕਰਵਾਰ ਨੂੰ ਮੋਹਰ ਲਾਈ ਸੀ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, '' ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਗੁਰਮੇਲ ਸਿੰਘ ਨੂੰ ਸੰਗਰੂਰ ਉਪ ਚੋਣ ਲਈ ਉਮੀਦਵਾਰ ਬਣਾਉਣਾ ਇਸ ਦਾ ਵੱਡਾ ਪ੍ਰਮਾਣ ਹੈ।'' ਉਨ੍ਹਾਂ ਗੁਰਮੇਲ ਸਿੰਘ 'ਤੇ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਪੜ੍ਹਿਆ, ਲਿਖਿਆ ਗੁਰਮੇਲ ਸਿੰਘ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸੰਗਰੂਰ ਵਾਸੀਆਂ ਦੀ ਭਲਾਈ ਲਈ ਸਖ਼ਤ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਗੁਰਮੇਲ ਸਿੰਘ ਗਣਿਤ ਵਿਸ਼ੇ ਦਾ ਗਰੈਜ਼ੂਏਟ ਹੈ ਅਤੇ ਉਸ ਨੇ ਐਮ.ਬੀ.ਏ. ਵੀ ਕੀਤੀ ਹੈ। ਰਾਜਨੀਤਿਕ ਖੇਤਰ 'ਚ ਆਉਣ ਤੋਂ ਪਹਿਲਾਂ ਗੁਰਮੇਲ ਸਿੰਘ ਇੱਕ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਸਨ ਅਤੇ ਉਨ੍ਹਾਂ ਸਾਲ 2018 ਤੱਕ ਵੱਖ-ਵੱਖ ਸਕੂਲਾਂ ਵਿੱਚ ਪੜ੍ਹਾਇਆ ਹੈ। ਪਾਰਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗੁਰਮੇਲ ਸਿੰਘ ਨੂੰ 2015 'ਚ ਭਵਾਨੀਗੜ੍ਹ ਬਲਾਕ ਦਾ ਪ੍ਰਧਾਨ ਬਣਾਇਆ ਗਿਆ ਸੀ। ਸਾਲ 2018 'ਚ ਗੁਰਮੇਲ ਸਿੰਘ ਪਿੰਡ ਘਰਾਚੋਂ ਦੇ ਸਰਪੰਚ ਚੁਣੇ ਗਏ ਸਨ ਅਤੇ 2021 'ਚ ਪਾਰਟੀ ਨੇ ਗੁਰਮੇਲ ਸਿੰਘ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਸੀ।
ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਗੁਰਮੇਲ ਸਿੰਘ ਨੇ ਕਿਹਾ ਕਿ ਉਸ ਦਾ ਇੱਕੋ ਇੱਕ ਉਦੇਸ਼ ਸੰਗਰੂਰ ਲੋਕ ਸਭਾ ਹਲਕੇ ਦਾ ਵਿਕਾਸ ਕਰਨਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਿਸ਼ਨ ਨੂੰ ਅੱਗੇ ਵਧਾ ਕੇ ਸੂਬੇ ਨੂੰ 'ਰੰਗਲਾ ਪੰਜਾਬ' ਬਣਾਉਣਾ ਹੈ। ਗੁਰਮੇਲ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਉਹ ਸੰਸਦ 'ਚ ਪੰਜਾਬ ਦੇ ਮਹੱਤਵਪੂਰਨ ਮੁੱਦਿਆਂ ਨੂੰ ਚੁਕਣਗੇ।
ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ (ਮੁੱਖ ਮੰਤਰੀ) ਭਗਵੰਤ ਮਾਨ 'ਆਪ' ਵੱਲੋਂ ਦੋ ਵਾਰ ਸਾਲ 2014 ਅਤੇ 2019 'ਚ ਲੋਕ ਸਭਾ ਮੈਂਬਰ ਚੁਣੇ ਗਏ ਸਨ, ਪਰ ਵਿਧਾਨ ਸਭਾ ਚੋਣਾ ਦੌਰਾਨ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਧੂਰੀ ਤੋਂ ਜਿੱਤ ਪ੍ਰਾਪਤ ਕੀਤੀ ਹੈ, ਜਿਸ ਕਾਰਨ ਉਨ੍ਹਾਂ ਲੋਕ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।