ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਤਿਹਾਸ ਕਾਇਮ ਕਰਦਿਆਂ ਰਾਜ ਸਭਾ ਦੀਆਂ ਦੋ ਹੋਰ ਸੀਟਾਂ ’ਤੇ ਬਿਨ੍ਹਾਂ ਮੁਕਾਬਲੇ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਪਾਰਟੀ ਦੇ ਪੰਜ ਆਗੂ ਪਹਿਲਾਂ ਹੀ ਰਾਜ ਸਭਾ ਦੇ ਮੈਂਬਰ ਬਣ ਚੁੱਕੇ ਹਨ। ਇਸ ਤਰ੍ਹਾਂ ਸੰਸਦ ਦੇ ਉਪਰਲੇ ਸਦਨ (ਰਾਜ ਸਭਾ) ’ਚ ਪੰਜਾਬ ਤੋਂ ‘ਆਪ’ ਦੇ ਕੁੱਲ 7 ਮੈਂਬਰ ਹੋ ਗਏ ਹਨ।
ਸ਼ੁੱਕਰਵਾਰ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਪ੍ਰਾਪਤੀ ਕਰਦਿਆਂ ‘ਆਪ’ ਨੇ ਸੂਬੇ ਤੋਂ ਰਾਜ ਸਭਾ ਦੀਆਂ ਸਾਰੀਆਂ ਸੀਟਾਂ ’ਤੇ ਕਬਜਾ ਕਰ ਲਿਆ ਹੈ। ਪੰਜਾਬ ਵੱਲੋਂ ਰਾਜ ਸਭਾ ਲਈ 7 ਮੈਂਬਰਾਂ ਦੀ 6 ਸਾਲਾਂ ਲਈ ਚੋਣ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾ ’ਚ ‘ਆਪ’ ਦੇ ਸਭ ਤੋਂ ਜ਼ਿਆਦਾ 92 ਵਿਧਾਇਕਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਇਸ ਲਈ ਵਿਰੋਧੀ ਦਲਾਂ ਨੇ ਰਾਜ ਸਭਾ ਦੀ ਚੋਣ ’ਚ ਕੋਈ ਵੀ ਉਮੀਦਵਾਰ ਮੈਦਾਨ ’ਚ ਨਹੀਂ ਉਤਾਰਿਆ ਸੀ।
ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਰਿਟਰਨਿੰਗ ਅਫ਼ਸਰ ਕਮ ਸਕੱਤਰ ਸੁਰਿੰਦਰ ਪਾਲ ਨੇ ਇੱਕ ਉਮੀਦਵਾਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ‘ਆਪ’ ਦੇ ਉਮੀਦਵਾਰ ਪਦਮ ਸ੍ਰੀ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮ ਸ੍ਰੀ, ਕਾਰੋਬਾਰੀ ਤੇ ਸਮਾਜਸੇਵੀ ਵਿਕਰਮਜੀਤ ਸਿੰਘ ਸਾਹਨੀ ਨੂੰ ਰਾਜ ਸਭਾ ਲਈ ਜੇਤੂ ਕਰਾਰ ਦੇ ਦਿੱਤਾ। ਰਿਟਰਨਿੰਗ ਕਮ ਸਕੱਤਰ ਨੇ ਦੋਵਾਂ ਉਮੀਦਵਾਰਾਂ ਨੂੰ ਰਾਜ ਸਭਾ ਲਈ ਜੇਤੂ ਐਲਾਨਦਿਆਂ ‘ਚੋਣ ਜੇਤੂ ਹੋਣ ਦੇ ਸਰਟੀਫਿਕੇਟ’ ਵੀ ਪ੍ਰਦਾਨ ਕੀਤੇ।
ਚੁਣੇ ਗਏ ਉਮੀਦਵਾਰਾਂ ਸੀਚੇਵਾਲ ਅਤੇ ਸਾਹਨੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਇਸ ਸਮੇਂ ਸਪੀਕਰ ਸੰਧਵਾਂ ਨੇ ਨਵੇਂ ਚੁਣੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਵਿਸ਼ਵਾਸ਼ ਪ੍ਰਗਟ ਕੀਤਾ ਕਿ ਉਹ ਦੋਵੇਂ ਪੰਜਾਬ ਦੀ ਬਿਹਤਰੀ ਲਈ ਯਤਨ ਕਰਨਗੇ ਅਤੇ ਸੂਬੇ ਦੇ ਮਹੱਤਵਪੂਰਨ ਮੁੱਦਿਆਂ ਨੂੰ ਰਾਜ ਸਭਾ ’ਚ ਰੱਖਣਗੇ।
ਵਰਨਣਯੋਗ ਹੈ ਕਿ ਸੀਚੇਵਾਲ ਅਤੇ ਸਾਹਨੀ ਦੀ ਰਾਜ ਸਭਾ ਮੈਂਬਰ ਵਜੋਂ ਹੋਈ ਜਿੱਤ ਤੋਂ ਬਾਅਦ ‘ਆਪ’ ਨੇ ਸੰਸਦ ਵਿੱਚ ਪਹੁੰਚਣ ਲਈ ਹੋਰਨਾਂ ਰਾਜਨੀਤਿਕ ਪਾਰਟੀਆਂ ਨੂੰ ਪਛਾੜ ਦਿੱਤਾ ਹੈ, ਕਿਉਂਕਿ ‘ਆਪ’ ਕੋਲ ਪਹਿਲਾਂ ਹੀ ਰਾਜ ਸਭਾ ’ਚ ਹਰਭਜਨ ਸਿੰਘ , ਰਾਘਵ ਚੱਢਾ, ਸੰਦੀਪ ਪਾਠਕ, ਸੰਜੀਵ ਅਰੋੜਾ ਅਤੇ ਅਸ਼ੋਕ ਮਿੱਤਲ ਸਮੇਤ ਪੰਜ ਮੈਂਬਰ ਹਨ।