Wednesday, April 02, 2025

Punjab

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਪਿਆਂ ਨੂੰ ਟੀਕਾਕਰਨ ਦੀ ਸਮਾਂ-ਸਾਰਣੀ ਬਾਰੇ ਯਾਦ ਕਰਵਾਉਣ ਵਾਲੀ ਆਟੋਮੈਟਿਕ ਸਹੂਲਤ ਦੀ ਸ਼ੁਰੂਆਤ

CM Bhagwant mann

May 28, 2022 08:51 PM

ਚੰਡੀਗੜ੍ਹ : ਸੂਬੇ ਭਰ ਦੇ ਬੱਚਿਆਂ ਦਾ ਲਾਜ਼ਮੀ ਟੀਕਾਕਰਨ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 0 ਤੋਂ 5 ਸਾਲ ਦੀ ਉਮਰ ਦੇ ਨਵਜੰਮੇ ਬੱਚਿਆਂ ਦੇ ਮਾਪਿਆਂ ਨੂੰ ਮੋਬਾਈਲ ਫੋਨਾਂ 'ਤੇ ਟੀਕਾਕਰਨ ਲਈ ਦੀ ਸਮਾਂ-ਸਾਰਣੀ ਬਾਰੇ ਸੰਦੇਸ਼ ਭੇਜਣ ਦੀ ਸ਼ੁਰੂਆਤ ਕੀਤੀ।ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਇਸ ਵੱਡੇ ਕਾਰਜ ਨੂੰ ਇੱਕ ਮੁਹਿੰਮ ਵਜੋਂ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਟੀਕਾਕਰਨ ਦੀ ਸਮਾਂ-ਸਾਰਣੀ ਅਤੇ ਨਜ਼ਦੀਕੀ ਟੀਕਾਕਰਨ ਕੇਂਦਰ ਦੇ ਵੇਰਵਿਆਂ ਵਾਲਾ ਸੁਨੇਹਾ ਮਾਪਿਆਂ ਦੇ ਰਜਿਸਟਰਡ ਮੋਬਾਈਲ ਨੰਬਰਾਂ 'ਤੇ ਆਪਣੇ ਆਪ ਭੇਜ ਦਿੱਤਾ ਜਾਇਆ ਕਰੇਗਾ। ਇਹ ਸਹੂਲਤ ਪੰਜਾਬ ਦੀ ਟੀਕਾਕਰਨ ਸਥਿਤੀ ਨੂੰ ਸੁਧਾਰਨ ਵਿੱਚ ਮਦਦਗਾਰ ਸਾਬਤ ਹੋਵੇਗੀ।


ਇਸ ਸਹੂਲਤ ਦੀ ਰੂਪ ਰੇਖਾ ਬਾਰੇ ਗੱਲ ਕਰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਆਟੋਮੈਟਿਕ ਅਲਰਟ ਸਹੂਲਤ ਦੋਭਾਸ਼ੀ ਭਾਸ਼ਾ (ਪੰਜਾਬੀ ਅਤੇ ਅੰਗਰੇਜ਼ੀ) ਵਿੱਚ ਉਪਲਬਧ ਹੋਵੇਗੀ। ਇਸ ਸਹੂਲਤ ਦਾ ਉਦੇਸ਼ ਸਾਰੇ ਮਾਪਿਆਂ (ਪੰਜਾਬ ਦੇ ਨਾਗਰਿਕ) ਨੂੰ ਉਨ੍ਹਾਂ ਦੇ ਬੱਚਿਆਂ ਦੇ ਸਮੇਂ ਸਿਰ ਟੀਕਾਕਰਨ ਲਈ ਜਾਗਰੂਕ ਕਰਨਾ ਅਤੇ ਜਾਗਰੂਕਤਾ ਫੈਲਾਉਣ ਤੋਂ ਇਲਾਵਾ ਬੱਚਿਆਂ ਦੇ ਟੀਕਾਕਰਨ (31 ਟੀਕਿਆਂ) ਦੀ ਸਮਾਂ-ਸਾਰਣੀ ਦੀ ਨਿਗਰਾਨੀ ਕਰਨਾ ਅਤੇ ਪਤਾ ਲਗਾਉਣਾ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸਹੂਲਤ ਰਾਹੀਂ 4 ਲੱਖ ਤੋਂ ਵੱਧ ਰਜਿਸਟਰਡ ਜਨਮਾਂ ਦੇ ਮੌਜੂਦਾ ਸਾਲ ਦੇ ਅੰਕੜਿਆਂ ਨੂੰ ਕਵਰ ਕੀਤਾ ਜਾਵੇਗਾ ਅਤੇ ਅਗਲੇ 5 ਸਾਲਾਂ (ਪੂਰੀ ਟੀਕਾਕਰਨ ਉਮਰ) ਲਈ ਉਨ੍ਹਾਂ ਦੇ ਟੀਕਾਕਰਨ ‘ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।

Have something to say? Post your comment