Wednesday, April 02, 2025

Punjab

ਸੂਬੇ ਦੀ ਮੰਗ 'ਤੇ ਕੇਂਦਰ ਵੱਲੋਂ ਝੋਨੇ ਦੇ ਬਿਜਾਈ ਸੀਜ਼ਨ ਲਈ ਕੋਲੇ ਦੀ ਨਿਰਵਿਘਨ ਸਪਲਾਈ ਦਾ ਭਰੋਸਾ

Coal For Paddy Sowing Season

May 27, 2022 10:13 PM

ਚੰਡੀਗੜ :  ਪੰਜਾਬ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਕੇਂਦਰੀ ਬਿਜਲੀ ਅਤੇ ਕੋਲਾ ਮੰਤਰੀਆਂ ਵੱਲੋਂ ਸੂਬੇ ਨੂੰ ਝੋਨੇ ਦੇ ਬਿਜਾਈ ਸੀਜ਼ਨ ਲਈ ਕੋਲੇ ਦੀ ਸਮੇਂ ਸਿਰ ਅਤੇ ਬਾਕਾਇਦਾ ਸਪਲਾਈ ਦਾ ਭਰੋਸਾ ਦਿੱਤਾ ਗਿਆ ਹੈ। ਇਹ ਭਰੋਸਾ ਕੇਂਦਰੀ ਬਿਜਲੀ ਅਤੇ ਗੈਰ-ਨਵਿਆਉਣਯੋਗ ਊਰਜਾ ਮੰਤਰੀ ਰਾਜ ਕੁਮਾਰ ਸਿੰਘ ਅਤੇ ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਸਹਿ-ਪ੍ਰਧਾਨਗੀ ਹੇਠ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਸਮੇਤ ਸੂਬਿਆਂ ਨਾਲ ਹੋਈ ਸਮੀਖਿਆ ਮੀਟਿੰਗ ਦੌਰਾਨ ਦਿੱਤਾ ਗਿਆ।

ਮੀਟਿੰਗ ਦੌਰਾਨ ਝੋਨੇ ਦੀ ਨਿਰਵਿਘਨ ਬਿਜਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਨੂੰ ਕੋਲੇ ਦੀ ਨਿਯਮਤ ਸਪਲਾਈ ਦੀ ਲੋੜ `ਤੇ ਜ਼ੋਰ ਦਿੰਦਿਆਂ ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਆਉਣ ਵਾਲੇ ਸੀਜ਼ਨ ਦੇ ਮੱਦੇਨਜ਼ਰ ਸਮੇਂ ਸਿਰ ਅਤੇ ਕੁਸ਼ਲ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੇਂਦਰ ਨੂੰ ਬੇਨਤੀ ਕੀਤੀ ।ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੇਸ਼ ਭਰ ਵਿੱਚ ਕੋਲੇ ਦੀ ਮੌਜੂਦਾ ਸਥਿਤੀ ਬਾਰੇ ਸੂਬੇ ਦੀਆਂ ਚਿੰਤਾਵਾਂ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਨੂੰ ਬਿਜਲੀ ਦੀ ਕਿੱਲਤ ਦੇ ਲੰਬੇ ਸਮੇਂ ਦੇ ਹੱਲ ਲਈ  ਬਦਲਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ ।

ਉਨ੍ਹਾਂ ਕਿਹਾ ਕਿ ਸਾਡੇ ਕਿਸਾਨ 14 ਜੂਨ ਤੋਂ ਝੋਨੇ ਦੀ ਬਿਜਾਈ ਕਰਨਗੇ ਅਤੇ ਅਸੀਂ ਉਨ੍ਹਾਂ ਲਈ ਬਿਜਾਈ ਦੇ ਸੁਚਾਰੂ ਅਤੇ ਸੁਚੱਜੇ ਤਜਰਬੇ ਨੂੰ ਯਕੀਨੀ ਬਣਾਉਣ ਵਾਸਤੇ ਪੂਰੀ ਤਰ੍ਹਾਂ ਤਿਆਰ ਹਾਂ, ਜਿਸ ਲਈ ਅਸੀਂ ਕੇਂਦਰ ਸਰਕਾਰ ਨੂੰ ਕੋਲੇ ਦੀ ਲੋੜੀਂਦੀ ਸਪਲਾਈ ਦੇ ਰੂਪ ਵਿੱਚ ਸਮੇਂ ਸਿਰ ਹਰ ਸਹਾਇਤਾ ਦੇਣ ਦੀ ਬੇਨਤੀ ਕੀਤੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਬਿਜਾਈ ਲਈ ਬਿਜਲੀ ਦੀ ਸਿਖਲਰੀ ਮੰਗ ਨੂੰ ਪੂਰਾ ਕਰਨ ਲਈ ਸਾਨੂੰ ਰੋਜ਼ਾਨਾ 20 ਰੈਕ ਕੋਲੇ ਦੀ ਲੋੜ ਹੈ।ਕੇਂਦਰੀ ਮੰਤਰੀਆਂ ਦੇ ਠੋਸ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਬਿਜਲੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸਾਡੀਆਂ ਸਾਰੀਆਂ ਮੰਗਾਂ ਨੂੰ ਹੱਲ ਕਰਨ ਲਈ ਕੇਂਦਰ ਵੱਲੋਂ ਇਸ ਮੁੱਦੇ ਦਾ ਇੱਕ ਵਿਹਾਰਕ ਹੱਲ ਯਕੀਨੀ ਬਣਾਇਆ ਜਾਵੇਗਾ।

ਉਤਪਾਦਨ ਵਿੱਚ ਮੋਹਰੀ ਹੋਣ ਕਰਕੇ ਕੇਂਦਰੀ ਪੂਲ ਦੇ ਅਨਾਜ ਭੰਡਾਰਾਂ ਵਿੱਚ ਕਣਕ ਅਤੇ ਚੌਲਾਂ ਦੇ ਰੂਪ ਵਿੱਚ ਵੱਡਾ ਯੋਗਦਾਨ ਦੇਣ ਦਾ ਸਿਹਰਾ ਪੰਜਾਬ ਨੂੰ ਜਾਂਦਾ ਹੈ। ਪਿਛਲੇ ਸਾਉਣੀ ਸੀਜ਼ਨ ਦੌਰਾਨ ਪੰਜਾਬ ਨੇ 186 ਲੱਖ ਮੀਟਰਕ ਟਨ ਤੋਂ ਵੱਧ ਝੋਨੇ ਦੀ ਪੈਦਾਵਾਰ ਕੀਤੀ ਸੀ ਜਦਕਿ ਇਸ ਹਾੜੀ ਦੇ ਸੀਜ਼ਨ ਵਿੱਚ 100 ਲੱਖ ਮੀਟਰਕ ਟਨ ਦੇ ਕਰੀਬ  ਕਣਕ ਦੀ ਪੈਦਾਵਾਰ ਕੀਤੀ ਹੈ।ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ ਅਤੇ ਪੀਐਸਪੀਸੀਐਲ ਦੇ ਸੀ.ਐਮ.ਡੀ. ਬਲਦੇਵ ਸਿੰਘ ਸਰਾਂ ਹਾਜ਼ਰ ਸਨ।

Have something to say? Post your comment