Road Rage Case : ਰੋਡ ਰੇਜ ਮਾਮਲੇ 'ਚ ਪਟਿਆਲਾ ਸੈਂਟਰਲ ਜੇਲ 'ਚ ਗਏ ਨਵਜੋਤ ਸਿੱਧੂ ਹੁਣ ਕੈਦੀ ਨੰਬਰ 241383 ਬਣ ਗਏ ਹਨ। ਜੇਲ੍ਹ ਦੇ ਅੰਦਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਹ ਕੈਦੀ ਨੰਬਰ ਅਲਾਟ ਕੀਤਾ ਗਿਆ ਹੈ। ਸਿੱਧੂ ਨੇ ਬੀਤੀ ਸ਼ਾਮ ਪਟਿਆਲਾ ਸੈਸ਼ਨ ਕੋਰਟ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਉਥੇ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 27 ਦਸੰਬਰ 1988 ਲਗਪਗ 34 ਸਾਲ ਪੁਰਾਣੇ ਕੇਸ 'ਚ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ।
ਪਹਿਲਾਂ ਇਨ੍ਹਾਂ ਨੂੰ ਲਾਇਬ੍ਰੇਰੀ ਦੇ ਅਹਾਤੇ ਵਿੱਚ ਰੱਖਿਆ ਗਿਆ ਸੀ। ਹਾਲਾਂਕਿ ਬਾਅਦ ਵਿੱਚ ਕੈਦੀ ਨੂੰ ਨੰਬਰ ਅਲਾਟ ਕਰਕੇ ਬੈਰਕ ਨੰਬਰ 10 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇੱਥੇ ਉਨ੍ਹਾਂ ਨੂੰ ਕਤਲ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ 4 ਕੈਦੀਆਂ ਨਾਲ ਰੱਖਿਆ ਗਿਆ ਹੈ। ਬੈਰਕ 'ਚ ਸਿੱਧੂ ਨੂੰ ਸੀਮਿੰਟ ਦੇ ਬਣੇ ਥੜੇ 'ਤੇ ਸੌਣਾ ਪਵੇਗਾ। ਸਿੱਧੂ ਨੂੰ ਸੁਪਰੀਮ ਕੋਰਟ ਨੇ 34 ਸਾਲ ਪੁਰਾਣੇ ਇੱਕ ਕੇਸ ਵਿੱਚ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਸਿੱਧੂ ਨੂੰ ਕੱਲ੍ਹ ਸ਼ਾਮ 7.15 ਵਜੇ ਜੇਲ੍ਹ ਮੈਨੂਅਲ ਅਨੁਸਾਰ ਦਾਲ-ਰੋਟੀ ਦਿੱਤੀ ਗਈ। ਹਾਲਾਂਕਿ ਉਨ੍ਹਾਂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਇਸ ਤੋਂ ਇਨਕਾਰ ਕੀਤਾ ਹੈ। ਉਹ ਸਿਰਫ ਸਲਾਦ ਅਤੇ ਫਲ ਹੀ ਖਾਧੇ ਸਨ। ਇਸ ਦੇ ਨਾਲ ਹੀ ਸਿੱਧੂ ਦੇ ਕੱਟੜ ਵਿਰੋਧੀ ਬਿਕਰਮ ਮਜੀਠੀਆ ਦੀ ਬੈਰਕ ਸਿੱਧੂ ਤੋਂ 500 ਮੀਟਰ ਦੂਰ ਹੈ। ਮਜੀਠੀਆ ਬੈਰਕ ਨੰਬਰ 11 ਵਿੱਚ ਹੈ। ਉਹ ਨਸ਼ਿਆਂ ਦੇ ਮਾਮਲੇ ਵਿਚ ਅੰਦਰ ਹਨ। ਸਿੱਧੂ ਅਤੇ ਮਜੀਠੀਆ ਦੀਆਂ ਬੈਰਕਾਂ ਦੇ ਬਾਹਰ ਵੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ।