Friday, April 04, 2025

Punjab

Farmer Protest : ਸੀਨੀਅਰ ਭਾਜਪਾ ਆਗੂ ਮਿੱਤਲ ਤੇ ਉਨ੍ਹਾਂ ਦੇ ਫਰਜ਼ੰਦ ਬੁਰੇ ਫਸੇ

August 01, 2021 09:17 AM

ਸ੍ਰੀ ਆਨੰਦਪੁਰ ਸਾਹਿਬ : ਕਾਲੇ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਅੰਦੋਲਣ ਦਿੱਲੀ ਦੀ ਸਰਹੱਦ ਤੋਂ ਲੈ ਕੇ ਪੂਰੇ ਪੰਜਾਬ ਵਿਚ ਫੈਲਿਆ ਹੋਇਆ ਹੈ ਅਤੇ ਜਿਥੇ ਕਿਤੇ ਵੀ ਭਾਜਪਾ ਆਗੂ ਦਿਖਦਾ ਹੈ ਤਾਂ ਕਿਸਾਨ ਉਨ੍ਹਾਂ ਦਾ ਘਿਰਾਓ ਕਰ ਲੈਂਦੇ ਹਨ। ਹੁਣ ਕਿਸਾਨਾਂ ਦੀ ਪਕੜ ਵਿਚ ਸੀਨੀਅਰ ਭਾਜਪਾ ਆਗੂ ਆ ਗਏ ਹਨ। ਤਾਜਾ ਮਿਲੀ ਜਾਣਕਾਰੀ ਅਨੁਸਾਰ ਸੀਨੀਅਰ ਭਾਜਪਾ ਆਗੂ ਮਦਨ ਮੋਹਨ ਮਿੱਤਲ ਦੇ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਕੀਤੇ ਜਾ ਰਹੇ ਦੌਰਿਆਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਪਿੰਡ ਰਾਮਪੁਰ ਜੱਜਰ ਵਿੱਚ ਮਦਨ ਮੋਹਨ ਮਿੱਤਲ ਦਾ ਘਿਰਾਓ ਕਰਦਿਆਂ ਜਬਰਦਸਤ ਵਿਰੋਧ ਕੀਤਾ ਗਿਆ। ਜਦੋਂ ਮਿੱਤਲ ਸਰਹੱਦੀ ਪਿੰਡ ਰਾਮਪੁਰ ਜੱਜਰ ਵਿੱਚ ਭਾਜਪਾ ਸਮਰਥਕ ਦੇ ਘਰ ਪਹੁੰਚੇ ਤਾਂ ਕਿਸਾਨਾਂ ਨੇ ਘਰ ਅੱਗੇ ਧਰਨਾ ਲਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਆਗੂਆ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਹਾਲਾਤ ਬੇਕਾਬੂ ਹੁੰਦੇ ਦੇਖ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਘੇਰਾ ਪਾ ਕੇ ਮਿੱਤਲ ਤੇ ਉਨ੍ਹਾਂ ਦੇ ਫਰਜ਼ੰਦ ਨੂੰ ਗੱਡੀਆਂ ਵਿੱਚ ਬਿਠਾ ਕੇ ਉੱਥੋਂ ਕੱਢਣਾ ਚਾਹਿਆ ਤਾਂ ਕਿਸਾਨ ਗੱਡੀਆਂ ਅੱਗੇ ਲੰਮੇ ਪੈ ਗਏ। ਰੂਪਨਗਰ ਦੇ ਐੱਸਪੀ ਅਜਿੰਦਰ ਸਿੰਘ ਦੀ ਅਗਵਾਈ ਹੇਠ ਪਹੁੰਚੀ ਭਾਰੀ ਪੁਲਿਸ ਫੋਰਸ ਨੇ ਜਿੱਥੇ ਮਦਨ ਮੋਹਨ ਮਿੱਤਲ ਅਤੇ ਉਨ੍ਹਾਂ ਦੇ ਫਰਜੰਦ ਐਡਵੋਕੇਟ ਅਰਵਿੰਦ ਮਿੱਤਲ ਸਣੇ ਭਾਜਪਾ ਵਰਕਰਾਂ ਨੂੰ ਸਖਤ ਸੁਰੱਖਿਆ ਘੇਰੇ ‘ਚ ਬਾਹਰ ਕੱਢਿਆ ਉੱਥੇ ਹੀ ਇਸ ਦੌਰਾਨ ਮਿੱਤਲ ਦੇ ਕਾਫਲੇ ਵਾਲੀ ਗੱਡੀ ਹੇਠ ਇੱਕ ਕਿਸਾਨ ਦਾ ਪੈਰ ਵੀ ਆ ਗਿਆ। ਜਦੋਂ ਕਿਸਾਨਾਂ ਦਾ ਰੋਹ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਸੀ ਤਾਂ ਪੰਜਾਬ ਪੁਲਿਸ ਨੂੰ ਸਖਤੀ ਵੀ ਕਰਨੀ ਪਈ ਤੇ ਹਲਕੇ ਬਲ ਦਾ ਪ੍ਰਯੋਗ ਕਰਦੇ ਹੋਏ ਪੁਲਿਸ ਨੇ ਕਿਸਾਨਾਂ ਨੂੰ ਧੂਹ ਕੇ ਖੇਤਾਂ ਵੱਲ ਸੁੱਟਿਆ। ਕਿਸਾਨ ਜਥੇਬੰਦੀਆਂ ਜਿਨ੍ਹਾਂ ਵਿਚ ਸੁਰਜੀਤ ਸਿੰਘ ਢੇਰ, ਬਰਜਿੰਦਰ ਸਿੰਘ ਡੋਡ, ਇੰਦਰਜੀਤ ਸਿੰਘ ਫੋਜੀ, ਅਮਰੀਕ ਸਿੰਘ ਕਾਕੂ, ਤਰਲੋਚਨ ਸਿੰਘ ਚੱਠਾ, ਸ਼ਮਸ਼ੇਰ ਸਿੰਘ ਸ਼ੇਰਾ, ਜੈਮਲ ਸਿੰਘ ਭੜੀ, ਨਿਰਮਲ ਸਿੰਘ ਸੂਰੇਵਾਲ, ਸਵਰਨ ਸਿੰਘ, ਤਰਲੋਚਨ ਸਿੰਘ ਸੂਰੇਵਾਲ,ਲੱਕੀ ਢੇਰ,ਸੇਠੀ ਧਰਮ ਸਿੰਘ ਨਿੱਕੂਵਾਲ ਪ੍ਰਿੰਸ ਬੱਢਲਆਦਿ ਹਾਜ਼ਰ ਸਨ । ਜ਼ਿਲ੍ਹਾ ਪੁਲਿਸ ਦੇ ਐੱਸਪੀ ਅਜਿੰਦਰ ਸਿੰਘ ਨੇ ਦੱਸਿਆ ਉਨ੍ਹਾਂ ਸਥਿਤੀ ਦੇ ਮੱਦੇਨਜ਼ਰ ਅਮਨ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ੍ਰੀ ਆਨੰਦਪੁਰ ਸਾਹਿਬ, ਨੰਗਲ, ਨੂਰਪੁਰ ਬੇਦੀ, ਕੀਰਤਪੁਰ ਸਾਹਿਬ ਰੂਪਨਗਰ ਤੋਂ ਪੁਲਿਸ ਫੋਰਸ ਮੰਗਵਾਈ। ਜਦੋਂ ਕਿਸਾਨ ਗੱਡੀਆਂ ਦੇ ਅੱਗੇ ਆ ਕੇ ਬੈਠ ਗਏ ਤਾਂ ਉਨ੍ਹਾਂ ਨੂੰ ਹਟਾ ਕੇ ਪੁਲਿਸ ਵੱਲੋਂ ਪਾਸੇ ਜ਼ਰੂਰ ਕੀਤਾ ਗਿਆ ਹੈ ਪਰ ਕਿਸੇ ਤਰ੍ਹਾਂ ਦੇ ਬਲ ਦਾ ਪ੍ਰਯੋਗ ਨਹੀਂ ਕੀਤਾ ਗਿਆ।

Have something to say? Post your comment