ਚੰਡੀਗੜ੍ਹ : ਇਸ ਸਮੇਂ ਸ਼ਹਿਰ ਦਾ 25 ਫੀਸਦੀ ਪਾਣੀ ਸਰਕਾਰੀ ਲੀਕੇਜ਼ ਕਾਰਨ ਬਰਬਾਦ ਹੋ ਰਿਹਾ ਹੈ। ਜਿਸ ਕਾਰਨ ਆਉਣ ਵਾਲੇ ਸਮੇਂ 'ਚ ਪਾਣੀ ਦੀ ਸਮੱਸਿਆਂ ਨਾਲ ਜੂਝਣਾ ਪੈ ਸਕਦਾ ਹੈ। ਇਸ ਦੌਰਾਨ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਨਵਾਂ ਫੁਰਮਾਨ ਜਾਰੀ ਕੀਤਾ ਗਿਆ ਹੈ ਕਿ ਜੇਕਰ ਕੋਈ ਸ਼ਹਿਰ ਵਾਸੀ ਪਾਣੀ ਦੀ ਬਰਬਾਦੀ ਕਰਦਾ ਫੜਿਆ ਗਿਆ ਤਾਂ ਉਸ ਦਾ ਪੰਜ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾ ਰਿਹਾ ਹੈ। ਪਿਛਲੇ ਸਾਲ ਤੱਕ ਇਹ ਜੁਰਮਾਨਾ 2,000 ਰੁਪਏ ਸੀ।
ਨਗਰ ਨਿਗਮ ਨੇ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਟੀਮਾਂ ਦਾ ਗਠਨ ਕੀਤਾ ਹੈ। ਮੰਗਲਵਾਰ ਨੂੰ ਕੁੱਲ 57 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਜਦਕਿ ਸਿਰਫ ਦੋ ਲੋਕਾਂ ਦੇ ਪੰਜ ਹਜ਼ਾਰ ਚਲਾਨ ਕੱਟੇ ਗਏ ਹਨ। 15 ਅਪ੍ਰੈਲ ਤੋਂ ਸ਼ਹਿਰ ਵਿੱਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹ ਮੁਹਿੰਮ ਜੂਨ ਤਕ ਜਾਰੀ ਰਹੇਗੀ। ਇੱਕ ਮਹੀਨੇ ਦੇ ਅੰਦਰ ਨਗਰ ਨਿਗਮ ਦੀਆਂ ਟੀਮਾਂ ਨੇ ਪਾਣੀ ਦੀ ਬਰਬਾਦੀ ਕਰਨ ਵਾਲੇ 1500 ਤੋਂ ਵੱਧ ਲੋਕਾਂ ਨੂੰ ਫੜਿਆ, ਜਿਨ੍ਹਾਂ ਵਿੱਚੋਂ 1466 ਲੋਕਾਂ ਨੂੰ ਨੋਟਿਸ ਦਿੱਤੇ ਗਏ ਹਨ ਜਦਕਿ 99 ਲੋਕਾਂ ਨੂੰ ਜੁਰਮਾਨੇ ਕੀਤੇ ਗਏ ਹਨ। ਤਿੰਨ ਵਾਰ ਫੜੇ ਜਾਣ 'ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਜੇਕਰ ਕੋਈ ਜੁਰਮਾਨਾ ਨਹੀਂ ਭਰਦਾ ਹੈ ਤਾਂ ਇਹ ਰਕਮ ਪਾਣੀ ਦੇ ਬਿੱਲ ਵਿੱਚ ਜੋੜ ਦਿੱਤੀ ਜਾਵੇਗੀ।