ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਦੀਆਂ ਉਪ ਚੋਣਾਂ ਨੂੰ ਲੈ ਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨਾਲ ਦਿੱਲੀ ਸਥਿਤ ਉਹਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਅਸ਼ਵਨੀ ਸ਼ਰਮਾ ਨੇ ਕੌਮੀ ਪ੍ਰਧਾਨ ਨੱਡਾ ਨੂੰ ਪੰਜਾਬ ਸਰਕਾਰ ਦੀ ਪਿਛਲੇ ਦੋ ਮਹੀਨਿਆਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੀ ਮੌਜੂਦਾ ਰਾਜਨੀਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨਗਰ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੌਮੀ ਪ੍ਰਧਾਨ ਨੱਡਾ ਜੀ ਦੀ ਪੰਜਾਬ ਫੇਰੀ ਦੌਰਾਨ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਕੀਤੀਆਂ ਗਾਈਆਂ ਮੀਟਿੰਗਾਂ ਅਤੇ ਦਿੱਤੇ ਦਿਸ਼ਾ-ਨਿਰਦੇਸ਼ਾਂ ਨੇ ਪੰਜਾਬ ਦੇ ਭਾਜਪਾ ਵਰਕਰਾਂ ਵਿੱਚ ਨਵੀਂ ਊਰਜਾ ਭਰੀ ਹੈ ਅਤੇ ਉਨ੍ਹਾਂ ਦਾ ਮਨੋਬਲ ਹੋਰ ਵਧਾਇਆ ਹੈ। ਨੱਡਾ ਜੀ ਨਾਲ ਮੁਲਾਕਾਤ ਦੌਰਾਨ ਨੱਡਾ ਜੀ ਨੇ ਆਉਣ ਵਾਲੀਆਂ ਚੋਣਾਂ ਸਬੰਧੀ ਰਣਨੀਤੀ ਬਾਰੇ ਹਦਾਇਤਾਂ ਦਿੱਤੀਆਂ ਹਨ। ਭਾਜਪਾ ਵੱਲੋਂ ਚੋਣਾਂ ਲਈ ਜਥੇਬੰਦਕ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵਰਕਰ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਕਤਲ, ਗੁੰਡਾਗਰਦੀ, ਗੋਲੀ ਕਾਂਡ, ਲੁੱਟ-ਖੋਹ ਅਤੇ ਡਕੈਤੀ ਦੀਆਂ ਘਟਨਾਵਾਂ ਨਿੱਤ ਵਾਪਰ ਰਹੀਆਂ ਹਨ। ਖਾਲਿਸਤਾਨੀ ਅਨਸਰਾਂ ਨੇ ਵੀ ਪੈਰ ਪਸਾਰ ਲਏ ਹਨ। ਪੰਜਾਬ ਦੀ ਮੌਜੂਦਾ ਸਰਕਾਰ ਸੂਬੇ ਨੂੰ ਫਿਰ ਤੋਂ ਅੱਤਵਾਦ ਦੇ ਕਾਲੇ ਦੌਰ ਵੱਲ ਧੱਕ ਰਹੀ ਹੈ। ਮਾਨ ਸਰਕਾਰ ਨੇ ਸੂਬੇ ਦੇ ਲੋਕਾਂ ਵਿੱਚ ਦਹਿਸ਼ਤ ਅਤੇ ਔਰ ਅਰਾਜਕਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਆਪ ਸਰਕਾਰ ਦੇ ਮਹਿਜ ਦੋ ਮਹੀਨਿਆਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਪਛਤਾਵੇ ਦੀ ਅੱਗ ਝੁਲਸਣ ਲੱਗ ਪਏ ਹਨ। ਆਪ ਸਰਕਾਰ ਵਲੋਂ ਚੁਣਾਵੀ ਵਾਅਦਿਆਂ ‘ਚ ਜਨਤਾ ਨੂੰ 24 ਘੰਟੇ ਨਿਰਵਿਘਨ ਬਿਜਲੀ, 300 ਯੂਨਿਟ ਮੁਫ਼ਤ, ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ, ਪ੍ਰਤੀ ਔਰਤ 1000 ਰੁਪਏ, ਨੌਜਵਾਨਾਂ ਨੂੰ ਨੌਕਰੀਆਂ, ਕਿਸਨਾਂ ਨਾਲ ਝੂਠੇ ਵਾਦੇ ਆਦਿ ਵਰਗੀਆਂ ਦਿੱਤੀਆਂ ਗਾਰੰਟੀਆਂ ਖੋਖਲੀਆਂ ਸਾਬਿਤ ਹੋਈਆਂ ਹਨ।
ਅੱਜ ਵੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਭਗਵੰਤ ਮਾਨ ਸਰਕਾਰ ਖਿਲਾਫ ਆਵਾਜ਼ ਚੁੱਕਣ ਵਾਲੇ ਕਿਸਾਨਾਂ ਅਤੇ ਸਰਕਾਰੀ ਮੁਲਾਜ਼ਮਾਂ 'ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਇੰਨੀ ਮਾੜੀ ਹੈ ਕਿ ਅਪਰਾਧੀਆਂ ਨੂੰ ਸਰਕਾਰ ਜਾਂ ਪੁਲਿਸ ਦਾ ਕੋਈ ਡਰ ਨਹੀਂ ਹੈ। ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਗਰੰਟੀ ਨੂੰ ਪੂਰਾ ਕਰਵਾਉਣ ਲਈ ਭਗਵੰਤ ਮਾਨ ਦੇ ਘਰ ਦੇ ਬਾਹਰ ਪੱਕੇ ਧਰਨੇ ਲੱਗੇ ਹੋਏ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਨਾਂ ਚੋਣ ਸੂਬਿਆਂ ਦੀ ਸੈਰ ਕਰ ਰਹੇ ਹਨ। ਇੱਕ ਪਾਸੇ ਲੋਕ ਗਰਮੀ ਨਾਲ ਜੂਝ ਰਹੇ ਹਨ ਅਤੇ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਵੱਲੋਂ ਲਗਾਏ ਜਾ ਰਹੇ ਬਿਜਲੀ ਦੇ ਲੰਬੇ ਕੱਟਾਂ ਨੇ ਜਨਤਾ ਦਾ ਜਿਨਾ ਬੇਹਾਲ ਕਰ ਦਿੱਤਾ ਹੈ। ਇਨਾਂ ਬੁਰਾ ਹਾਲ ਤਾਂ ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਨਹੀਂ ਸੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੇ ਜਿਨਾਂ ਆਸਾਂ ਅਤੇ ਖਾਹਿਸ਼ਾਂ ਨਾਲ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਸੀ, ਭਗਵੰਤ ਮਾਨ ਸਰਕਾਰ ਦੇ ਦੋ ਮਹੀਨੇ ਦੇ ਕਾਰਜਕਾਲ ਨੂੰ ਦੇਖ ਕੇ ਹੁਣ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਵਿਸ਼ਵਾਸ ਚੁੱਕਿਆ ਗਿਆ ਹੈ। ਲੋਕ ਖੂਨ ਦੇ ਹੰਝੂ ਰੋਣ ਲਈ ਮਜਬੂਰ ਹਨ। ਲੋਕ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਬਦਲ ਵਜੋਂ ਦੇਖ ਰਹੇ ਹਨ। ਆਉਣ ਵਾਲੀਆਂ ਮਿਉਂਸਪਲ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਵਿੱਚ ਜਨ-ਸਮਰਥਨ ਨਾਲ ਇੱਕੋ-ਇੱਕ ਪਾਰਟੀ ਬਣ ਕੇ ਉਭਰੇਗੀ।