Wednesday, April 02, 2025

Punjab

ਭਾਜਪਾ ਸਰਕਾਰ ਦੇਸ਼ ਦੇ ਸ਼ਹੀਦਾਂ ਦਾ ਕਰ ਰਹੀ ਹੈ ਅਪਮਾਨ: ਮਲਵਿੰਦਰ ਸਿੰਘ ਕੰਗ

Malwinder Singh Kang

May 17, 2022 06:00 PM

ਚੰਡੀਗੜ੍ਹ: ਆਪ ਪੰਜਾਬ ਨੇ ਕਰਨਾਟਕ ਦੀ ਭਾਜਪਾ ਸਰਕਾਰ ਵੱਲੋਂ ਦਸਵੀਂ ਜਮਾਤ ਦੇ ਸਿਲੇਬਸ ਵਿਚੋਂ ਭਗਤ ਸਿੰਘ ਨੂੰ ਹਟਾ ਕੇ ਆਰ.ਐਸ.ਐਸ. ਸੰਸਥਾਪਕ ਕੇ.ਐਸ. ਹੇਡਗੇਵਾਰ ਨੂੰ ਸ਼ਾਮਲ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਭਾਜਪਾ ’ਤੇ ਸ਼ਹੀਦਾਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਹੈ। ‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਦੀ ਕਰਨਾਟਕ ਸਰਕਾਰ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸ਼ਹੀਦ ਭਗਤ ਸਿੰਘ ਦਾ ਪਾਠ (ਚੈਪਟਰ) ਹਟਾ ਕੇ ਹੇਡਗੇਵਾਰ ਦਾ ਪਾਠ ਦਸਵੀਂ ਜਮਾਤ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਹੈ।

ਮੰਗਲਵਾਰ ਨੂੰ ਮਲਵਿੰਦਰ ਸਿੰਘ ਕੰਗ ਨੇ ਕਿਹਾ, ‘ਦੇਸ਼ ਭਗਤੀ ਦਾ ਡਰਾਮਾ ਕਰਨ ਵਾਲੀ ਭਾਜਪਾ ਦੀ ਦੋਹਰੀ ਰਾਜਨੀਤੀ ਦਾ ਸੱਚ ਲੋਕਾਂ ਸਾਹਮਣੇ ਆ ਗਿਆ ਹੈ। ਆਜ਼ਾਦੀ ਤੋਂ ਪਹਿਲਾਂ ਵੀ ਇਸ ਦੇ ਪੂਰਵਜਾਂ ਨੇ ਸਿੱਧਾ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਭਾਵੇਂ ਅੱਜ ਭਾਜਪਾ ਵਿੱਚ ਚਿਹਰੇ ਅਤੇ ਉਸ ਦਾ ਸਰੂਪ ਬਦਲ ਗਿਆ ਹੈ, ਪਰ ਆਪਣੇ ਪੂਰਵਜਾਂ ਦੀ ਪ੍ਰੰਪਰਾਂ ਨੂੰ ਭਾਜਪਾ ਆਗੂਆਂ ਨੇ ਅੱਜ ਵੀ ਜਾਰੀ ਰੱਖਿਆ ਹੋਇਆ ਹੈ।’

ਕੰਗ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਆਰ.ਐਸ.ਐਸ ਦੇ ਏਜੰਡੇ ਨੂੰ ਜਾਣਬੁੱਝ ਕੇ ਲੋਕਾਂ ’ਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਲਈ ਭਾਜਪਾ ਸ਼ਹੀਦਾਂ ਅਤੇ ਸੁਤੰਤਰਤਾ ਸੈਨਾਨੀਆਂ ਦੀ ਛਵੀ ਨਾਲ ਖਿਲਵਾੜ ਕਰ ਰਹੀ ਹੈ, ਕਦੇ ਕਿਤਾਬਾਂ ਰਾਹੀਂ ਅਤੇ ਕਦੇ ਆਪਣੇ ਆਗੂਆਂ ਦੇ ਭੜਕਾਊ ਬਿਆਨਾਂ ਨਾਲ।  ਭਾਜਪਾ ਹਮੇਸ਼ਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਵੀਰਾਂ ਅਤੇ ਸ਼ਹੀਦਾਂ ਦੇ ਯੋਗਦਾਨ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ।

ਉਨ੍ਹਾਂ ਕਿਹਾ ਕਿ ਕਰਨਾਟਕ ਦਾ ਤਾਜ਼ਾ ਮਾਮਲਾ ਭਾਜਪਾ ਸਰਕਾਰ ਵੱਲੋਂ ਆਰ.ਐਸ.ਐਸ ਦੇ ਏਜੰਡੇ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਦੀ ਰਣਨੀਤੀ ਦਾ ਹੀ ਇੱਕ ਹਿੱਸਾ ਹੈ, ਪਰ ਦੇਸ਼ ਦੇ ਲੋਕ ਭਾਜਪਾ ਅਤੇ ਆਰ.ਐਸ.ਐਸ ਦੀ ਸਚਾਈ ਨੂੰ ਸਮਝਦੇ ਹਨ। ਲੱਖ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਭਾਜਪਾ ਅਤੇ ਆਰ.ਐਸ.ਐਸ ਆਪਣੇ ਕਾਲ਼ੇ ਅਤੀਤ ਤੋਂ ਬਚ ਨਹੀਂ ਸਕਦੇ।

 

Have something to say? Post your comment