ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨਾਂ ਨਾਲ ਮੀਟਿੰਗ ਨਹੀਂ ਹੋ ਸਕੀ ਜਿਸ ਮਗਰੋਂ ਕਿਸਾਨਾਂ ਨੇ ਮੁਹਾਲੀ ਤੋਂ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਿੱਥੇ ਹੀ ਪੁਲਿਸ ਰੋਕੇਗੀ, ਉੱਥੇ ਪੱਕਾ ਮੋਰਚਾ ਲਾ ਦਿੱਤਾ ਜਾਏਗਾ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ 11 ਵਜੇ ਮੀਟਿੰਗ ਲਈ ਬੁਲਾਇਆ ਸੀ। ਸੂਤਰਾਂ ਮੁਤਾਬਕ ਉਹ ਕਿਸਾਨਾਂ ਨੂੰ ਮਿਲਣ ਤੋਂ ਪਹਿਲਾਂ ਹੀ ਦਿੱਲੀ ਲਈ ਰਵਾਨਾ ਹੋ ਗਏ, ਜਿਸ ਕਾਰਨ ਕਿਸਾਨਾਂ ਵਿੱਚ ਰੋਸ ਵਧ ਗਿਆ।
ਉਧਰ, ਕਿਸਾਨਾਂ ਨੇ ਹੋਰ ਕਿਸੇ ਅਧਿਕਾਰੀ ਨੂੰ ਮਿਲਣ ਤੋਂ ਇਨਕਾਰ ਕਰਦਿਆਂ ਪੰਜਾਬ ਸਰਕਾਰ ਨੂੰ ਬਾਅਦ ਦੁਪਹਿਰ ਦੋ ਵਜੇ ਤੱਕ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇ ਇਸ ਦੌਰਾਨ ਸਰਕਾਰ ਨੇ ਮੁੱਖ ਮੰਤਰੀ ਨਾਲ ਦੁਬਾਰਾ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਨਾ ਦਿੱਤਾ ਤਾਂ ਕਿਸਾਨਾਂ ਵੱਲੋਂ ਚੰਡੀਗੜ੍ਹ ਵੱਲ ਕੂਚ ਕੀਤਾ ਜਾਵੇਗਾ। ਇਸ ਮਗਰੋਂ ਕਿਸਾਨਾਂ ਨੇ ਮੁਹਾਲੀ ਤੋਂ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ।
ਦੱਸ ਦਈਏ ਕਿ ਅੱਜ ਪੰਜਾਬ ਭਰ ਤੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਕਿਸਾਨ ਇੱਥੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚੇ ਹੋਏ ਹਨ। ਕਿਸਾਨ ਜੈਕਾਰੇ ਛੱਡਦੇ ਹੋਏ ਵੱਡੇ ਕਾਫਲਿਆਂ ਵਿੱਚ ਪੁੱਜੇ। ਕਿਸਾਨਾਂ ਦਾ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵੱਲ ਕੂਚ ਕਰਨ ਦਾ ਪ੍ਰੋਗਰਾਮ ਸੀ। ਗੁਰਦੁਆਰਾ ਅੰਬ ਸਾਹਿਬ ਦੇ ਬਾਹਰ, ਲਾਲ ਬੱਤੀ ਚੌਕ ਫੇਜ-7 ਤੇ ਵਾਈਪੀਐਸ ਚੌਕ ਇਲਾਕਾ ਪੁਲੀਸ ਛਾਉਣੀ ਵਿੱਚ ਤਬਦੀਲ ਹੈ। ਚੰਡੀਗੜ੍ਹ ’ਚ ਦਾਖਲੇ ਨੂੰ ਰੋਕਣ ਲਈ ਯੂਟੀ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਹੈ।
ਕਿਸਾਨਾਂ ਦੀਆਂ ਮੁੱਖ ਮੰਗਾਂ
1. ਕਣਕ ਦੇ ਘੱਟ ਝਾੜ 'ਤੇ 500 ਰੁ. ਬੋਨਸ ਦੀ ਮੰਗ।
2 .ਚਿੱਪ ਮੀਟਰ ਲਗਾਉਣ ਦਾ ਫੈਸਲਾ ਰੱਦ ਕੀਤਾ ਜਾਵੇ।
3. ਮੱਕੀ ਅਤੇ ਮੂੰਗੀ 'ਤੇ MSP ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ।
4. ਬਾਸਮਤੀ 'ਤੇ 4500 ਰੁ. Msp ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
5. ਬੀਬੀਐਮਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਬਹਾਲ ਕੀਤੀ ਜਾਵੇ।
6. ਕੇਂਦਰੀ ਪੁਲ ਤੋਂ ਬਿਜਲੀ ਪਹਿਲਾਂ ਵਾਂਗ ਬਹਾਲ ਕੀਤੀ ਜਾਵੇ।
7. ਸਰਕਾਰ 10 ਜੂਨ ਤੋਂ ਖੇਤੀ ਲਈ ਬਿਜਲੀ ਅਤੇ ਨਹਿਰੀ ਪਾਣੀ ਮੁਹੱਈਆ ਕਰੇ।
8. ਖੇਤੀ ਮੋਟਰ ਦੇ ਲੋਡ ਦੀ ਫੀਸ 4800 ਤੋਂ ਘਟਾ ਕੇ 1200 ਕੀਤੀ ਜਾਵੇ।
9. ਗੰਨੇ ਦੀ ਫਸਲ ਦੇ 9 ਬਕਾਏ 35 ਰੁਪਏ ਦੇ ਵਾਧੇ ਨਾਲ ਤੁਰੰਤ ਜਾਰੀ ਕੀਤੇ ਜਾਣ
10. ਕਰਜ਼ਿਆਂ ਕਾਰਨ ਕਿਸਾਨਾਂ 'ਤੇ ਵਾਰੰਟ ਅਤੇ ਕੁਰਕੀ ਬੰਦ ਕੀਤੀ ਜਾਵੇ, ਬੈਂਕ ਵੱਲੋਂ ਚੱਲ ਰਹੇ 22000 ਰੁਪਏ ਤੁਰੰਤ ਵਾਪਸ ਕੀਤੇ ਜਾਣ।