Wednesday, April 02, 2025

Punjab

ਭਾਰਤ ਸਰਕਾਰ ਤੋਂ ਖਰੀਦ ਜਲਦੀ ਬੰਦ ਕਰਨ ਸਬੰਧੀ ਆਗਿਆ ਦੇਣ ਦੀ ਬੇਨਤੀ ਨੂੰ ਵਾਪਸ ਲਿਆ

Lal Chand Kataruchak

May 15, 2022 06:07 PM

ਚੰਡੀਗੜ੍ਹ : ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸੂਬੇ ਦੀਆਂ 232 ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕਾਰਜ 31 ਮਈ ਤੱਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ। ਇਹ ਐਲਾਨ ਕੇਂਦਰੀ ਵਣਜ ਮੰਤਰਾਲੇ ਵੱਲੋਂ ਕਣਕ ਦੀ ਬਰਾਮਦ `ਤੇ ਰੋਕ ਲਾਉਣ ਦੇ ਹਾਲ ਹੀ ਵਿੱਚ ਲਏ ਫੈਸਲੇ ਦੇ ਪ੍ਰਭਾਵਾਂ ਨੂੰ ਧਿਆਨ ਨਾਲ ਘੋਖਣ ਤੋਂ ਬਾਅਦ ਕੀਤਾ ਗਿਆ ਹੈ।

ਪੱਤਰਕਾਰਾਂ ਨਾਲ ਇਹ ਵੇਰਵੇ ਸਾਂਝੇ ਕਰਦਿਆਂ ਖੁਰਾਕ ਮੰਤਰੀ ਨੇ ਕਿਹਾ ਕਿ ਕਣਕ ਦੀ ਬਰਾਮਦ `ਤੇ ਰੋਕ ਦੇ ਨਤੀਜੇ ਵਜੋਂ ਘਰੇਲੂ ਮੰਡੀ ਵਿੱਚ ਕਣਕ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਨਤੀਜੇ ਵਜੋਂ ਕੁਝ ਕਿਸਾਨ ਜਿਨ੍ਹਾਂ ਨੇ ਬਾਅਦ ਵਿੱਚ ਚੰਗੇ ਭਾਅ ਮਿਲਣ ਦੀ ਉਮੀਦ ਵਿੱਚ ਕਣਕ ਦੀ ਫ਼ਸਲ ਭੰਡਾਰ ਕੀਤੀ ਸੀ, ਨੂੰ ਸ਼ਾਇਦ ਹੁਣ ਮੁੜ ਸੋਚ-ਵਿਚਾਰ ਕੇ ਆਪਣੀ ਫ਼ਸਲ ਵੇਚਣੀ ਪਵੇ। ਇਸ ਲਈ ਇਹ ਮਹੱਤਵਪੂਰਨ ਸੀ ਕਿ ਐਮਐਸਪੀ `ਤੇ ਸਰਕਾਰੀ ਖਰੀਦ ਦੀ ਸਹੂਲਤ ਉਨ੍ਹਾਂ ਲਈ ਉਪਲਬਧ ਰਹੇ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਝੱਲਣਾ ਪਵੇ।

ਮੰਡੀਆਂ ਦੇ ਕੰਮਕਾਜ `ਤੇ ਟਿੱਪਣੀ ਕਰਦਿਆਂ ਕਟਾਰੂਚੱਕ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੌਜੂਦਾ ਹਾੜ੍ਹੀ ਦੇ ਸੀਜ਼ਨ ਦੌਰਾਨ ਸੂਬੇ `ਚ 2292 ਮੰਡੀਆਂ ਨੂੰ ਚਾਲੂ ਕੀਤਾ ਸੀ ਪਰ ਸੂਬੇ ਦੇ ਕੁਝ ਹਿੱਸਿਆਂ `ਚ ਕਣਕ ਦੀ ਆਮਦ `ਚ ਆਈ ਭਾਰੀ ਗਿਰਾਵਟ ਦੇ ਮੱਦੇਨਜ਼ਰ ਹਾਲ ਹੀ ਦੇ ਦਿਨਾਂ ਵਿੱਚ 2060 ਮੰਡੀਆਂ ਨੂੰ ਯੋਜਨਾਬੱਧ ਅਤੇ ਪੜਾਅਵਾਰ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਇਸ ਸਮੇਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 232 ਮੰਡੀਆਂ ਚਾਲੂ ਹਨ।

ਮੰਤਰੀ ਨੇ ਅੱਗੇ ਕਿਹਾ ਕਿ ਭਾਵੇਂ ਖਰੀਦ ਬੰਦ ਕਰਨ ਦੀ ਅਧਿਸੂਚਿਤ ਮਿਤੀ 31 ਮਈ ਸੀ, ਪਰ ਹਾਲ ਹੀ ਦੇ ਦਿਨਾਂ ਵਿੱਚ ਕਣਕ ਦੀ ਆਮਦ ਦੀ ਮੱਠੀ ਰਫ਼ਤਾਰ ਨੂੰ ਦੇਖਦੇ ਹੋਏ 12 ਮਈ ਨੂੰ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੂੰ ਬੇਨਤੀ ਕੀਤੀ ਗਈ ਕਿ ਸੀ ਕਿ ਮੰਡੀਆਂ ਨੂੰ ਸਮੇਂ ਤੋਂ ਪਹਿਲਾਂ 17 ਮਈ ਤੋਂ ਬੰਦ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਹੁਣ ਰਸਮੀ ਤੌਰ `ਤੇ ਇਹ ਬੇਨਤੀ ਵਾਪਸ ਲੈ ਲਈ ਹੈ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ 232 ਮੰਡੀਆਂ 31 ਮਈ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਚਾਲੂ ਰਹਿਣਗੀਆਂ।

Have something to say? Post your comment