ਮੋਹਾਲੀ : ਪੰਜਾਬ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਬੀਤੀ ਦੇਰ ਸ਼ਾਮ ਹੋਏ ਹਮਲੇ 'ਚ ਪੰਜਾਬ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਸਕੈਨਿੰਗ ਵਿੱਚ ਅਜੇ ਤੱਕ ਹਮਲਾਵਰਾਂ ਦਾ ਪਤਾ ਨਹੀਂ ਲਾ ਸਕੀ ਹੈ।
ਸੂਤਰਾਂ ਮੁਤਾਬਕ NIA, IB ਤੇ ਹੋਰ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਗੈਰ ਰਸਮੀ ਤੌਰ 'ਤੇ ਘਟਨਾ ਸਥਾਨ ਦਾ ਦੌਰਾ ਕੀਤਾ। ਅੱਤਵਾਦ ਵਿਰੋਧੀ ਮਾਹਰ ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸੂਬੇ ਦੇ ਪੁਲਿਸ ਦਫ਼ਤਰ 'ਤੇ ਹਮਲੇ ਲਈ RPG ਦੀ ਵਰਤੋਂ ਕੀਤੀ ਗਈ ਹੋਵੇ। ਇੰਟੈਲੀਜੈਂਸ ਵਿੰਗ ਦਾ ਦਫ਼ਤਰ ਫਿਲਹਾਲ ਖੁੱਲ੍ਹਾ ਹੈ ਪਰ ਸਟਾਫ ਲਈ ਦਾਖਲਾ ਸੀਮਤ ਹੈ।
ਇੱਕ ਅਧਿਕਾਰੀ ਨੇ ਮੀਡੀਆ ਨੂੰ ਕਿਹਾ ਕਿ ਚਿੰਤਾ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਇਸ ਵਾਰ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ। ਇਹ ਚਿੰਤਾਜਨਕ ਹੈ ਕਿ ਅੱਤਵਾਦੀ ਸਮੂਹ ਅਜਿਹੇ ਕੰਮ ਕਰਨ ਲਈ ਪੈਸੇ ਦੀ ਪੇਸ਼ਕਸ਼ ਕਰਕੇ ਨੌਜਵਾਨਾਂ ਨੂੰ ਆਸਾਨੀ ਨਾਲ ਭਰਤੀ ਕਰ ਰਹੇ ਹਨ।