ਚੰਡੀਗੜ੍ਹ : ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਦੱਸਿਆ ਕਿ ਤੁਰਕੀ ਵਿੱਚ ਸਾਲ 2020 'ਚ ਬਣੀ ਪੁਰਾਣੀ ਵੀਡੀਉ ਰਾਹੀਂ ਵੇਰਕਾ ਦਾ ਅਕਸ ਖ਼ਰਾਬ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਮਿਲਕਫ਼ੈੱਡ ਵੱਲੋਂ ਸੂਚਨਾ ਤਕਨਾਲੌਜੀ ਐਕਟ, 2000 ਤਹਿਤ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਤਾਂ ਜੋ ਸਮਾਜ ਦੇ ਬੇਈਮਾਨ ਅਤੇ ਗ਼ੈਰ-ਜ਼ਿੰਮੇਵਾਰ ਅਨਸਰਾਂ ਵਿਰੁੱਧ ਲੋੜੀਂਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਦੱਸ ਦੇਈਏ ਕਿ ਸੋਸ਼ਲ ਮੀਡਿਆ 'ਤੇ ਦੁੱਧ ਨਾਲ ਨਹਾਉਂਦੇ ਵਿਅਕਤੀ ਦੀ ਤੁਰਕੀ ਵਿੱਚ ਬਣੀ ਇਕ ਪੁਰਾਣੀ ਵੀਡੀਉ ਸਮਾਜ ਵਿਰੋਧੀ ਅਨਸਰਾਂ ਵੱਲੋਂ ਵੇਰਕਾ ਨਾਲ ਸਬੰਧਤ ਦੱਸ ਕੇ ਵਾਇਰਲ ਕੀਤੀ ਜਾ ਰਹੀ ਹੈ ਤਾਂ ਜੋ ਡੇਅਰੀ ਉਦਯੋਗ ਵਿੱਚ ਵੇਰਕਾ ਦੀ ਵੱਧ ਰਹੀ ਪ੍ਰਸਿੱਧੀ ਅਤੇ ਇਸ ਦੇ ਸਹਿਕਾਰੀ ਬਰਾਂਡ ਦੇ ਸਾਫ਼ ਅਕਸ ਨੂੰ ਖੋਰਾ ਲਾਇਆ ਜਾ ਸਕੇ।
ਵਿੱਤ ਅਤੇ ਸਹਿਕਾਰਤਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਾਇਰਲ ਵੀਡਿਉ ਦੀ ਤਸਵੀਰ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਇਹ ਕੋਝੀ ਹਰਕਤ ਵੇਰਕਾ ਬਰਾਂਡ ਦੀ ਨਿੱਤ ਵੱਧ ਰਹੀ ਪ੍ਰਸਿੱਧੀ ਨੂੰ ਖ਼ਰਾਬ ਕਰਨ ਦੇ ਇਰਾਦੇ ਨਾਲ ਕੀਤੀ ਗਈ ਹੈ।
ਸ. ਚੀਮਾ ਨੇ ਇਸ ਵੀਡਿਉ 'ਤੇ ਵੇਰਕਾ ਦਾ ਨਾਮ ਲਿਖ ਕੇ ਸੋਸ਼ਲ ਮੀਡੀਆ 'ਤੇ ਪਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਪੁੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕਰਨ ਉਪਰੰਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਵੀ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਇਹ ਵੀਡਿਉ ਚਲਾਈ ਜਾ ਰਹੀ ਹੋਵੇ, ਉਥੋਂ ਪੋਸਟ ਨੂੰ ਤੁਰੰਤ ਹਟਾਇਆ ਜਾਵੇ ਕਿਉਂਕਿ ਇਹ ਕਿਸੇ ਤਰ੍ਹਾਂ ਵੀ ਵੇਰਕਾ ਨਾਲ ਸਬੰਧਤ ਨਹੀਂ ਹੈ ਅਤੇ ਕੇਵਲ ਸਾੜੇ ਦੀ ਭਾਵਨਾ ਨਾਲ ਖਪਤਕਾਰਾਂ ਨੂੰ ਗੁੰਮਰਾਹ ਕਰਕੇ ਵੇਰਕਾ ਦੀ ਵੱਧ ਰਹੀ ਲੋਕਪ੍ਰਿਅਤਾ ਨੂੰ ਠੇਸ ਲਾਉਣ ਲਈ ਪਾਈ ਗਈ ਹੈ ਜਿਸ ਨਾਲ ਅਨੇਕਾਂ ਖਪਤਕਾਰਾਂ ਅਤੇ ਦੁੱਧ ਉਤਪਾਦਕਾਂ ਦਾ ਨੁੁਕਸਾਨ ਹੋਵੇਗਾ।