ਮੋਹਾਲੀ : ਭਾਜਪਾ ਆਗੂ ਤਜਿੰਦਰ ਸਿੰਘ ਬੱਗਾ (Tajinder Bagga Arrested) ਨੂੰ ਦਿੱਲੀ ਤੋਂ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਪੰਜਾਬ ਲੈ ਜਾਂਦੇ ਸਮੇਂ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੀ ਗੱਡੀ ਨੂੰ ਰੋਕ ਲਈ। ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਨਾਲ-ਨਾਲ ਤਜਿੰਦਰ ਪਾਲ ਸਿੰਘ ਬੱਗਾ ਨੂੰ ਥਾਣੇ ਲਿਜਾਇਆ ਗਿਆ। ਉੱਥੇ ਹੀ ਦਿੱਲੀ ਪੁਲਿਸ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਤੇ ਬੱਗਾ ਨੂੰ ਆਪਣੇ ਨਾਲ ਲੈ ਗਏ। ਉਨ੍ਹਾਂ ਨਾਲ ਤਿੰਨ ਗੱਡੀਆਂ 'ਚ ਪੁਲਿਸ ਦਾ ਕਾਫ਼ਲਾ ਸੀ। ਪੰਜਾਬ ਪੁਲਿਸ ਦੇ ਏਡੀਜੀਪੀ ਵੀ ਮੌਕੇ 'ਤੇ ਪਹੁੰਚ ਗਏ ਸਨ। ਦਰਅਸਲ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਬੱਗਾ ਨੂੰ ਪੰਜਾਬ ਨਹੀਂ ਦਿੱਲੀ ਪੁਲਿਸ ਨੂੰ ਸੌਂਪਣਗੇ। ਇਸ ਦੌਰਾਨ ਪੰਜਾਬ ਪੁਲਿਸ ਖਿਲਾਫ ਕਿਡਨੈਪਿੰਗ ਦਾ ਮਾਮਲਾ ਦਰਜ ਕੀਤਾ ਗਿਆ।
ਕੀ ਹੈ ਮਾਮਲਾ
ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਬੱਗਾ ਖਿਲਾਫ ਭੜਕਾਊ ਬਿਆਨ ਦੇਣ, ਦੁਸ਼ਮਣੀ ਨੂੰ ਹੱਲਾਸ਼ੇਰੀ ਦੇਣ ਅਤੇ ਅਪਰਾਧਿਕ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਬੱਗਾ ਖ਼ਿਲਾਫ਼ ਇਹ ਕੇਸ ਮੋਹਾਲੀ ਦੇ ‘ਆਪ’ ਆਗੂ ਸੰਨੀ ਆਹਲੂਵਾਲੀਆ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ। ਪੰਜਾਬ ਪੁਲਿਸ ਨੇ ਦੱਸਿਆ ਕਿ 1 ਅਪ੍ਰੈਲ ਨੂੰ ਦਰਜ ਐਫਆਈਆਰ ਦੇ ਅਨੁਸਾਰ, ਬੱਗਾ ਨੇ 30 ਮਾਰਚ ਨੂੰ ਦਿੱਲੀ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਭਾਜਪਾ ਯੁਵਾ ਮੋਰਚਾ ਦੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ ਅਤੇ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਬੱਗਾ ਸੋਸ਼ਲ ਮੀਡੀਆ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਕਾਫੀ ਬੋਲ ਰਹੇ ਹਨ। ਬੱਗਾ ਕੁਝ ਸਮਾਂ ਪਹਿਲਾਂ ਫਿਲਮ 'ਦ ਕਸ਼ਮੀਰ ਫਾਈਲਜ਼' ਲਈ ਕੇਜਰੀਵਾਲ ਖਿਲਾਫ ਟਵੀਟ ਕਰਕੇ ਆਮ ਆਦਮੀ ਪਾਰਟੀ (ਆਪ) ਦੇ ਨਿਸ਼ਾਨੇ 'ਤੇ ਆਏ ਸਨ।