Friday, April 04, 2025

Punjab

ਸਮਾਜ ਵਿਰੋਧੀ ਤੱਤਾਂ ਦੀ ਪੰਜਾਬ ’ਚ ਕੋਈ ਥਾਂ ਨਹੀਂ, ਮਾਹੌਲ ਖ਼ਰਾਬ ਕਰਨ ਵਾਲੇ ਬਚ ਨਹੀਂ ਸਕਦੇ : ਮਾਲਵਿੰਦਰ ਸਿੰਘ ਕੰਗ

Malvinder singh kang

May 01, 2022 05:19 PM

 

ਚੰਡੀਗੜ੍ਹ : ਪਟਿਆਲਾ ਕਾਂਡ ਦੇ ਸਾਜਿਸ਼ਕਾਰ ਬਰਜਿੰਦਰ ਸਿੰਘ ਪਰਵਾਨਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ (AAP) ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲੀਸ ਦੀ ਤੁਰੰਤ ਕੀਤੀ ਕਾਰਵਾਈ ਕਾਰਨ ਪਟਿਆਲਾ ਹਿੰਸਾ ਕਾਂਡ ਦੇ ਸਾਜਿਸ਼ਕਾਰ ਨੂੰ 48 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਗਿਆ ਹੈ।

ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਬਰਜਿੰਦਰ ਸਿੰਘ ਪਰਵਾਨਾ ਨੇ ਹੀ ਘਟਨਾ ਦੀ ਪੂਰੀ ਸਾਜਿਸ਼ ਰਚੀ ਸੀ। ਹੁਣ ਤੱਕ ਇਸ ਮਾਮਲੇ ’ਚ 6 FIR ਦਰਜ ਕੀਤੀਆਂ ਗਈਆਂ ਹਨ ਅਤੇ ਘਟਨਾ ਲਈ ਜ਼ਿੰਮੇਵਾਰ 9 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।

ਕੰਗ ਨੇ ਕਿਹਾ ਕਿ ਜਿਹੜੇ ਲੋਕ ਸੂਬੇ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਕਰਨਗੇ, ਉਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਖੁਦ ਪੂਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਤੁਰੰਤ ਕਾਰਵਾਈ ਕੀਤੇ ਜਾਣ ਕਾਰਨ ਹਲਾਤ ਬਹੁਤ ਜਲਦੀ ਕਾਬੂ ’ਚ ਕਰ ਲਏ ਗਏ ਹਨ। ਉਨਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ, ਭਾਈਚਾਰਕ ਸਾਂਝ ਅਤੇ ਰਾਸ਼ਟਰੀ ਅਖੰਡਤਾ ’ਚ ਰੁਕਾਵਟ ਪਾਉਣ ਵਾਲੀ ਕਿਸੇ ਵੀ ਗਤੀਵਿਧੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਖਾਲਿਸਤਾਨ ਜਾਂ ਇਸ ਤਰਾਂ ਦੇ ਪੰਜਾਬ ਵਿਰੋਧੀ ਬਿਆਨਾਂ ਦੀ ਜ਼ਰੂਰਤ ਨਹੀਂ ਹੈ। ਅੱਜ ਪੰਜਾਬ ਨੂੰ ਤਰੱਕੀ ਦੇ ਰਸਤੇ ’ਤੇ ਵਾਪਸ ਲਿਆਉਣ ਦੀ ਜ਼ਰੂਰਤ ਹੈ। ਨੌਜਵਾਨਾਂ ਅਤੇ ਕਿਸਾਨਾਂ ਨੂੰ ਬਚਾਉਣ ਦੀ ਜ਼ਰੂਰਤ ਹੈ। ਪੰਜਾਬ ਦੇ ਪਾਣੀ ਅਤੇ ਕੁਦਰਤੀ ਸਾਧਨਾਂ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ।

ਉਨਾਂ ਕਿਹਾ ਕਿ ਪੰਜਾਬ ਨੂੰ ਸਹੀ ਦਿਸ਼ਾ ’ਚ ਲੈ ਕੇ ਜਾਣ ਲਈ ਮਾਫੀਆ ਅਤੇ ਭਿ੍ਰਸ਼ਟਾਚਾਰ ਦੇ ਖਿਲਾਫ਼ ਮਾਨ ਸਰਕਾਰ ਲਗਾਤਾਰ ਕਾਰਵਾਈ ਕਰ ਰਹੀ ਹੈ, ਜਿਸ ਨਾਲ ਕੁੱਝ ਲੋਕਾਂ ਦੀਆਂ ਰਾਜਨੀਤਿਕ ਦੁਕਾਨਾਂ ਅਤੇ ਗੈਰ ਕਾਨੂੰਨੀ ਕੰਮ ਬੰਦ ਹੋ ਰਹੇ ਹਨ। ਇਸ ਲਈ ਅਜਿਹੇ ਲੋਕ ਕੋਝੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਕੇ ਵਿਕਾਸ ਕਾਰਜਾਂ ਤੋਂ ਸਰਕਾਰ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।


‘ਆਪ’ ਬੁਲਾਰੇ ਨੇ ਕਿਹਾ ਕਿ ਪੰਜਾਬ ’ਚ ਇਸ ਤਰਾਂ ਦੀਆਂ ਹਿੰਸਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਕਦੇ ਸਫ਼ਲ ਨਹੀਂ ਹੋਣਗੀਆਂ। ਮਾਨ ਸਰਕਾਰ ਪੰਜਾਬ ਦੇ ਲੋਕਾਂ ਦੇ ਆਪਸੀ ਭਾਈਚਾਰੇ ਅਤੇ ਸਮਾਜਿਕ ਸਦਭਾਵਨਾ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ੇਗੀ। ਅਜਿਹੇ ਰਾਸ਼ਟਰ ਵਿਰੋਧੀ ਅਸਮਾਜਿਕ ਤੱਤਾਂ ਦੇ ਖ਼ਿਲਾਫ਼ ਮਾਨ ਸਰਕਾਰ ਵੱਲੋਂ ਤੁਰੰਤ ਕਾਰਵਾਈ ਕਰਨਾ ਸਵਾਗਤਯੋਗ ਹੈ।

Have something to say? Post your comment