Punjab Weather : ਪੰਜਾਬ 'ਚ ਗਰਮੀ ਦਾ ਕਹਿਰ ਜਾਰੀ ਹੈ। ਬੁੱਧਵਾਰ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਵੀਰਵਾਰ ਨੂੰ ਵੀ ਲੂ ਚੱਲਣ ਕਾਰਨ ਲੋਕ ਬੇਹਾਲ ਹੋ ਰਹੇ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ ਸੂਬੇ 'ਚ ਹਾਲੇ ਗਰਮੀ ਤੇ ਜ਼ੋਰ ਫੜੇਗੀ। ਇਕ ਮਈ ਤਕ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਲੂ ਚੱਲਣ ਦੀ ਸੰਭਾਵਨਾ ਹੈ।
ਇਸ ਨਾਲ ਤਾਪਮਾਨ 45 ਤੋਂ 46 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ। ਆਈਐਮਡੀ ਨੇ ਕਿਹਾ ਕਿ ਅਗਲੇ ਪੰਜ ਦਿਨਾਂ ਦੌਰਾਨ ਮੱਧ ਤੇ ਉਤਰ ਪੱਛਮੀ ਭਾਰਤ 'ਚ ਹੀਟਵੇਵ ਦੀ ਸਥਿਤੀ ਰਹੇਗੀ। ਉੱਤਰ ਭਾਰਤ 'ਚ 29 ਅਪ੍ਰੈਲ ਨੂੰ ਧੂੜ ਭਰੀਆਂ ਹਨ੍ਹੇਰੀਆਂ ਚੱਲਣਗੀਆਂ। ਇਕ ਮਈ ਤੋਂ ਤਾਪਮਾਨ 'ਚ ਗਿਰਾਵਟ ਆਵੇਗੀ।
ਪਟਿਆਲਾ 'ਚ 42, ਹੁਸ਼ਿਆਰਪੁਰ 'ਚ 42.1, ਬਰਨਾਲਾ 'ਚ 42.2, ਅੰਮ੍ਰਿਤਸਰ 'ਚ 41.5 ਤੇ ਜਲੰਧਰ 'ਚ 41.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪੰਜਾਬ 'ਚ ਭਿਆਨਕ ਗਰਮੀ ਦਾ ਅਸਰ ਬਿਜਲੀ ਸਪਲਾਈ 'ਤੇ ਵੀ ਪੈ ਰਿਹਾ ਹੈ। ਇਸ ਦੇ ਚੱਲਦਿਆਂ ਕਈ ਘੰਟਿਆਂ ਦੇ ਪਾਵਰਕਟ ਲੱਗਣੇ ਸ਼ੁਰੂ ਹੋ ਗਏ ਹਨ।