Wednesday, April 02, 2025

Punjab

ਲਾਵਾਂ ਲੈ ਰਹੇ ਮੁੰਡੇ-ਕੁੜੀ ਅਗਵਾ

July 28, 2021 08:06 PM

ਜਗਰਾਓ :  ਮੋਗਾ ਹਾਈਵੇਅ ‘ਤੇ ਕੋਠੇ ਬੱਗੂ ਵਿਖੇ ਉਸ ਵੇਲੇ ਚਲਦੇ ਵਿਆਹ ਵਿੱਚ ਭੜਥੂ ਪੈ ਗਿਆ ਜਦੋਂ ਗੁਰੂਘਰ ਵਿੱਚ ਲਾਵਾਂ ਲੈ ਰਹੇ ਮੁੰਡੇ ਕੁੜੀ ਦੀ ਪਹਿਲਾਂ ਕੁਝ ਬੰਦਿਆਂ ਨੇ ਕੁੱਟਮਾਰ ਕੀਤੀ ਅਤੇ ਫਿਰ ਅਗਵਾ ਕਰ ਕੇ ਆਪਣੇ ਨਾਲ ਲੈ ਗਏ। ਦੱਸ ਦਈਏ ਕਿ ਅਗਵਾ ਕਰਨ ਦੀ ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਵਿਆਹ ਕਰਵਾਉਣ ਵਾਲਾ ਮੁੰਡਾ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਹੈ, ਜਦੋਂ ਕਿ ਕੁੜੀ ਮੋਗਾ ਜ਼ਿਲ੍ਹੇ ਦੇ ਹੀ ਪਿੰਡ ਘਲਕਲਾਂ ਕੋਲ ਰਹਿਣ ਵਾਲੀ ਹੈ। ਕੁੜੀ ਪਿੰਡ ਬੁੱਟਰ ‘ਚ ਆਪਣੀ ਭੂਆ ਕੋਲ ਰਹਿ ਕੇ ਪੜ੍ਹਦੀ ਸੀ ਅਤੇ ਇਸ ਦੌਰਾਨ ਉਸ ਦੇ ਉਕਤ ਮੁੰਡੇ ਨਾਲ ਪ੍ਰੇਮ ਸਬੰਧ ਬਣ ਗਏ। 8 ਦਿਨ ਪਹਿਲਾਂ ਦੋਹਾਂ ਨੇ ਵਕੀਲ ਜ਼ਰੀਏ ਕੋਰਟ ਮੈਰਿਜ ਕਰਵਾ ਲਈ ਸੀ।
ਹੁਣ ਮੁੰਡਾ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ‘ਚ ਆਨੰਦ ਕਾਰਜ ਕਰਵਾਉਣ ਲਈ ਪਹੁੰਚਿਆ ਸੀ। ਇਸੇ ਦੌਰਾਨ ਹੀ ਦਰਜਨ ਦੇ ਕਰੀਬ ਨੌਜਵਾਨ ਮੂੰਹ ਢੱਕ ਕੇ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਦੋਹਾਂ ਨਾਲ ਕੁੱਟਮਾਰ ਕਰਦੇ ਹੋਏ ਅਗਵਾ ਕਰ ਕੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ।
ਇਸ ਮੌਕੇ ਮੁੰਡੇ ਦੀ ਮਾਂ ਨੇ ਕਿਹਾ ਕਿ ਇਹ ਅਗਵਾਕਾਰ ਕੌਣ ਹਨ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ। ਡੀਐਸਪੀ ਹਰਸ਼ਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੂਰੀ ਘਟਨਾ ਸੀ. ਸੀ. ਟੀ. ਵੀ. ‘ਚ ਦੇਖੀ ਜਾ ਰਹੀ ਹੈ ਅਤੇ ਜਲਦ ਹੀ ਕੁੜੀ-ਮੁੰਡੇ ਨੂੰ ਅਗਵਾ ਕਰਨ ਵਾਲੇ ਲੋਕਾਂ ਨੂੰ ਕਾਬੂ ਕਰ ਲਿਆ ਜਾਵੇਗਾ।

Have something to say? Post your comment