ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਇਤਿਹਾਸਕ 75ਵੇਂ ਆਜਾਦੀ ਦਿਹਾੜੇ ਮੌਕੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਵਿਰੁੱਧ ਸਰਹੱਦੀ ਸੂਬੇ ਪੰਜਾਬ ਦੀ ਰਾਖੀ ਕਰਨ ਦਾ ਪ੍ਰਣ ਲਿਆ। ਇਸ ਦੇ ਨਾਲ ਹੀ ਉਨਾਂ ਨੇ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਨਾਲ ਮਿਲ ਕੇ ਲੜਾਈ ਜਾਰੀ ਰੱਖਣ ਦਾ ਵਾਅਦਾ ਵੀ ਕੀਤਾ। ਪਾਕਿਸਤਾਨ ਦੇ ਵਿਰੁੱਧ ਪੂਰੀ ਤਰਾਂ ਚੌਕਸ ਰਹਿਣ ਦੀ ਗੱਲ ਕਰਦਿਆਂ ਜੋ ਕਿ ਹਮੇਸ਼ਾ ਮੁਸਕਿਲਾਂ ਖੜੀਆਂ ਕਰਨ ਦੀ ਫਿਰਾਕ ਵਿੱਚ ਰਹਿੰਦਾ ਹੈ, ਮੁੱਖ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ “ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਸਾਡੇ ਖੇਤਰ ਵਿੱਚ ਕਿਸੇ ਵੀ ਹਮਲਾਵਰ ਕਾਰਵਾਈ ਜਾਂ ਹਮਲੇ ਨੂੰ ਬਰਦਾਸ਼ਤ ਨਹੀਂ ਕਰਾਂਗੇ।“ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ “ਜੇ ਪਾਕਿਸਤਾਨ ਕੋਈ ਮੁਸੀਬਤ ਖੜੀ ਕਰਦਾ ਹੈ ਤਾਂ ਅਸੀਂ ਉਨਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਜੋ ਉਹ ਜ਼ਿੰਦਗੀ ਭਰ ਯਾਦ ਰੱਖੇਗਾ।”
ਗੁਆਂਢੀ ਮੁਲਕਾਂ ਦੁਆਰਾਂ ਸੂਬੇ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਪੰਜਾਬ ਵਿੱਚ ਕਿਸੇ ਵੀ ਨਾਜੁਕ ਸਥਿਤੀ ਦਾ ਲਾਹਾ ਲੈਣ ਦਾ ਕੋਈ ਮੌਕਾ ਨਹੀਂ ਛੱਡੇਗਾ। ਉਦਯੋਗ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਦੇ ਲੋਕਾਂ ਦੀ ਤਰੱਕੀ ਲਈ ਸੂਬੇ ਵਿੱਚ ਸਾਂਤੀ ਬਣਾਈ ਰੱਖਣ ਦੀ ਜਰੂਰਤ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਗੈਂਗਸਟਰਾਂ ਅਤੇ ਅੱਤਵਾਦੀਆਂ ਸਮੇਤ ਕਿਸੇ ਵੀ ਖਤਰੇ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਅਸੀਂ ਅਜਿਹੀ ਕਿਸੇ ਵੀ ਕੋਸ਼ਿਸ਼ ਵਿਰੁੱਧ ਸਖਤੀ ਨਾਲ ਪੇਸ਼ ਆਵਾਂਗੇ। ਉਨਾਂ ਕਿਹਾ ਕਿ ਪੰਜਾਬ ਲਈ ਕੋਈ ਵੀ ਖਤਰਾ ਸਾਡੇ ਸਮੁੱਚੇ ਮੁਲਕ ਲਈ ਖਤਰਾ ਹੋਵੇਗਾ।” ਉਨਾਂ ਦੱਸਿਆ ਕਿ ਸਰਕਾਰ ਦੇ ਸੱਤਾ ਸੰਭਾਲਣ ਤੋਂ ਲੈ ਕੇ 47 ਪਾਕਿਸਤਾਨੀ ਅੱਤਵਾਦੀ ਮਡਿਊਲਾਂ ਅਤੇ 347 ਗੈਂਗਸਟਰਾਂ ਦੇ ਮਡਿਊਲਾਂ ਨੂੰ ਬੇਅਸਰ ਕੀਤਾ ਗਿਆ ਹੈ, ਜਿਨਾਂ ਵਿੱਚੋਂ ਕੁਝ ਵੱਡੇ ਗੈਂਗਸਟਰਾਂ ਨੂੰ ਅਰਮੀਨੀਆ, ਯੂਏਈ ਅਤੇ ਹੋਰ ਦੇਸਾਂ ਤੋਂ ਡਿਪੋਰਟ ਕਰਵਾਇਆ ਗਿਆ ਅਤੇ ਕਈ ਹੋਰਾਂ ਨੂੰ ਡਿਪੋਰਟ ਕਰਵਾਉਣ ਦੀ ਕਾਰਵਾਈ ਜਾਰੀ ਹੈ।