ਚੰਡੀਗੜ੍ਹ: ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਧਣਾ ਸ਼ੁਰੂ ਹੋ ਗਿਆ ਹੈ। 24 ਘੰਟਿਆਂ ਵਿੱਚ Covid-19 ਦੇ 89 ਨਵੇਂ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਤੱਕ 599846 ਲੋਕ ਕੋਰੋਨਾ ਪੀੜਤ ਹੋਏ ਹਨ ਅਤੇ 16334 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵੇਲੇ 568 ਐਕਟਿਵ ਕੇਸ ਹਨ। 3 ਕੋਰੋਨਾ ਮਰੀਜਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, 33 ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 19 ਕੋਰੋਨਾ ਦੇ ਮਾਮਲੇ ਪਾਏ ਗਏ ਹਨ। ਕਪੂਰਥਲਾ ਵਿੱਚ 12 ਅਤੇ ਮੁਹਾਲੀ ਵਿੱਚ 10 ਨਵੇਂ ਕੋਰੋਨਾ ਦੇ ਮਾਮਲੇ ਪਾਏ ਗਏ ਹਨ। ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ 4307 ਐਲ -2 ਬਿਸਤਰੇ ਹਨ, ਜਿਨ੍ਹਾਂ ਨੂੰ 25 ਫੀਸਦੀ ਵਧਾ ਕੇ 5387 ਕੀਤਾ ਜਾਵੇਗਾ, ਜਦੋਂ ਕਿ 6565 ਐਲ -2 ਬੈੱਡ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲਬਧ ਹਨ। 25 ਪ੍ਰਤੀਸ਼ਤ ਦੇ ਵਾਧੇ ਨਾਲ, 1644 ਹੋਰ ਬਿਸਤਰੇ ਸ਼ਾਮਲ ਕੀਤੇ ਜਾਣਗੇ। ਇਸਦੇ ਨਾਲ ਹੀ ਹਰ ਰੋਜ਼ ਆਰਟੀਪੀਸੀਆਰ ਟੈਸਟਾਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।