Punjab By Election 2024 Result: ਪੰਜਾਬ ਲਈ ਅੱਜ ਦਾ ਦਿਨ ਬੇਹੱਦ ਅਹਿਮ ਹੈ। ਕਿਉਂਕਿ ਅੱਜ ਯਾਨਿ 23 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੀਆਂ ਉਪ ਚੋਣਾਂ ਦੇ ਨਤੀਜੇ ਆਏ ਹਨ। ਪੰਜਾਬ 'ਚ 4 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਹੋਈਆਂ, ਜਿਸ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ।
ਕਾਂਗਰਸ ਦੇ ਜਿੱਤ ਦੇ ਦਾਅਵੇ ਨਿਕਲੇ ਫੋਕੇ
ਦੱਸ ਦਈਏ ਕਿ ਉਪ ਚੋਣਾਂ ਵਿੱਚ ਕਾਂਗਰਸ ਆਪਣੀ ਜਿੱਤ ਨੂੰ ਲੈਕੇ ਪੂਰੀ ਤਰ੍ਹਾਂ ਕੌਨਫੀਡੈਂਟ ਸੀ, ਪਰ ਪਾਰਟੀ ਨੂੰ ਉਮੀਦ ਦੇ ਮੁਤਾਬਕ ਨਤੀਜੇ ਨਹੀਂ ਮਿਲੇ। ਕਾਂਗਰਸ ਨੂੰ ਸਿਰਫ ਇੱਕੋ ਸੀਟ ਨਾਲ ਹੀ ਸੰਤੋਸ਼ ਕਰਨਾ ਪਿਆ। ਦੱਸ ਦਈਏ ਕਿ ਕਾਂਗਰਸ ਨੂੰ ਸਿਰਫ ਬਰਨਾਲਾ ਸੀਟ ਤੋਂ ਹੀ ਜਿੱਤ ਹਾਸਲ ਹੋਈ ਹੈ। ਇੱਥੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤ ਦਰਜ ਕੀਤੀ ਹੈ, ਉਨ੍ਹਾਂ ਨੇ 2175 ਵੋਟਾਂ ਦੇ ਫਰਕ ਨਾਲ ਆਪ ਆਗੂ ਨੂੰ ਹਰਾਇਆ ਹੈ।
ਗਿੱਦੜਬਾਹਾ 'ਚ ਰਾਜਾ ਵੜਿੰਗ ਦੀ ਪਤਨੀ ਦੀ ਹੋਈ ਹਾਰ
ਦੱਸ ਦਈਏ ਕਿ ਗਿੱਦੜਬਾਹਾ 'ਚ ਕਾਂਗਰਸ ਸਾਂਸਦ ਰਾਜਾ ਵੜਿੰਗ ਦੀ ਪਤਨੀ ਵਿਧਾਇਕ ਦੀ ਚੋਣ ਲੜ ਰਹੀ ਸੀ। ਹਾਲਾਂਕਿ ਅੰਮ੍ਰਿਤਾ ਵੜਿੰਗ ਨੇ ਕਾਫੀ ਪ੍ਰਚਾਰ ਵੀ ਕੀਤਾ ਸੀ, ਪਰ ਇਹ ਸਭ ਉਨ੍ਹਾਂ ਦੇ ਕੰਮ ਨਹੀਂ ਆਇਆ।
21 ਹਜ਼ਾਰ ਤੋਂ ਵੀ ਵੱਧ ਵੋਟਾਂ ਤੋਂ ਹਾਰੀ ਅੰਮ੍ਰਿਤਾ ਵੜਿੰਗ
ਪੰਜਾਬ ਦੀ ਗਿੱਦੜਬਾਹਾ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੈਡਿੰਗ ਨੂੰ 21801 ਵੋਟਾਂ ਨਾਲ ਹਰਾਇਆ। ਅੰਮ੍ਰਿਤਾ ਵੈਡਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੈਡਿੰਗ ਦੀ ਪਤਨੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਜਾਣ ਅਤੇ ਉਨ੍ਹਾਂ ਦੀ ਪਤਨੀ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।
ਚੱਬੇਵਾਲ ਤੇ ਡੇਰਾ ਬਾਬਾ ਨਾਨਕ 'ਚ ਵੀ ਇਤਿਹਾਸਕ ਜਿੱਤ
ਦੱਸ ਦਈਏ ਕਿ ਡੇਰਾ ਬਾਬਾ ਨਾਨਕ 'ਚ ਆਮ ਆਦਮੀ ਪਾਰਟੀ ਨੇ ਇਤਿਹਾਸ ਰਚ ਦਿੱਤਾ ਹੈ। ਇੱਥੇ ਕਾਂਗਰਸ ਦੇ ਗੜ੍ਹ 'ਚ ਆਪ ਨੇ ਸੰਨ੍ਹ ਲਾ ਦਿੱਤੀ ਹੈ। ਡੇਰਾ ਬਾਬਾ ਨਾਨਕ ਸੀਟ 'ਤੇ 15 ਸਾਲਾਂ ਤੋਂ ਕਾਂਗਰਸ ਦਾ ਕਬਜ਼ਾ ਸੀ, ਪਰ ਹੁਣ ਇੱਥੇ ਆਪ ਨੇ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਇਸ ਤੋਂ ਇਲਾਵਾ ਚੱਬੇਵਾਲ 'ਚ ਵੀ ਆਪ ਉਮੀਦਵਾਰ ਡਾ, ਇਸ਼ਾਂਕ ਨੇ ਇੱਕ ਪਾਸੜ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਉਹ ਸਭ ਤੋਂ ਘੱਟ ਉਮਰ ਦੇ ਵਿਧਾਇਕ ਬਣ ਗਏ ਹਨ।
ਅਰਵਿੰਦ ਕੇਜਰੀਵਾਲ ਨੇ ਉਪ ਚੋਣ 'ਚ ਜਿੱਤ 'ਤੇ ਦਿੱਤੀ ਵਧਾਈ
ਪੰਜਾਬ ਦੇ ਲੋਕਾਂ ਨੇ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਚਾਰ ਵਿੱਚੋਂ ਤਿੰਨ ਸੀਟਾਂ ਦੇ ਕੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਅਤੇ ਸਾਡੀ ਸਰਕਾਰ ਦੇ ਕੰਮਾਂ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ। ਪੰਜਾਬ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ।
ਭਗਵੰਤ ਮਾਨ ਨੇ ਵੱਡੀ ਜਿੱਤ 'ਤੇ ਵਧਾਈ ਦਿੱਤੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਪ ਚੋਣਾਂ 'ਚ ਜਿੱਤ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ X-ਤੇ ਲਿਖਿਆ ਕਿ ਉਪ-ਚੋਣਾਂ ਵਿੱਚ ਸ਼ਾਨਦਾਰ ਜਿੱਤ ਲਈ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ। ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਪੂਰੇ ਦੇਸ਼ 'ਚ ਦਿਨ-ਬ-ਦਿਨ ਬੁਲੰਦੀਆਂ 'ਤੇ ਪਹੁੰਚ ਰਹੀ ਹੈ।
ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਬਿਨਾਂ ਭੇਦਭਾਵ ਅਤੇ ਇਮਾਨਦਾਰੀ ਨਾਲ ਦਿਨ ਰਾਤ ਕੰਮ ਕਰ ਰਹੇ ਹਾਂ। ਅਸੀਂ ਜ਼ਿਮਨੀ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੇ ਹਰ ਵਾਅਦੇ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੇ। ਸਾਰਿਆਂ ਨੂੰ ਸ਼ੁਭਕਾਮਨਾਵਾਂ। ਇਨਕਲਾਬ ਜ਼ਿੰਦਾਬਾਦ।