Punjab Farmers Burning Stubble: ਪੰਜਾਬ ਵਿੱਚ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਕਾਫੀ ਕਮੀ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੈਟੇਲਾਈਟ ਰਾਹੀਂ ਫੜੀਆਂ ਗਈਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਅਨੁਸਾਰ ਇਸ ਵਾਰ ਪੰਜਾਬ ਵਿੱਚ 17 ਨਵੰਬਰ ਤੱਕ ਪਰਾਲੀ ਸਾੜਨ ਦੀਆਂ 8404 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪਿਛਲੇ ਸਾਲ ਪਰਾਲੀ ਸਾੜਨ ਦੀਆਂ ਕੁੱਲ 36,663 ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਹਿਸਾਬ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਈ ਲੱਗਦੀ ਹੈ।
ਹਾਲਾਂਕਿ ਇਸ ਵਾਰ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਰਾਤ ਸਮੇਂ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਰਹੇ ਹਨ ਤਾਂ ਜੋ ਸੈਟੇਲਾਈਟ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਨਾ ਫੜ ਸਕੇ। ਪਰ ਕੀ ਸੈਟੇਲਾਈਟ ਰਾਤ ਵੇਲੇ ਪਰਾਲੀ ਸਾੜਨ ਕਾਰਨ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਵੱਲ ਧਿਆਨ ਨਹੀਂ ਦੇ ਰਿਹਾ? ਕੀ ਕਿਸਾਨ ਸੱਚਮੁੱਚ ਸੈਟੇਲਾਈਟ ਨੂੰ ਧੋਖਾ ਦੇਣ ਵਿੱਚ ਕਾਮਯਾਬ ਹੋ ਰਹੇ ਹਨ?
ਪੀਜੀਆਈ ਚੰਡੀਗੜ੍ਹ ਸਥਿਤ ਸਕੂਲ ਆਫ ਕਮਿਊਨਿਟੀ ਮੈਡੀਸਨ ਐਂਡ ਪਬਲਿਕ ਹੈਲਥ ਵਿਭਾਗ ਦੇ ਪ੍ਰੋਫੈਸਰ ਰਵਿੰਦਰ ਖੀਵਾਲ ਇਸ ਗੱਲ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਅਨੁਸਾਰ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਵਾਲੇ ਸੈਟੇਲਾਈਟ ਅੱਗ ਲੱਗਣ ਤੋਂ ਕੁਝ ਘੰਟਿਆਂ ਬਾਅਦ ਵੀ ਇਸ ਦਾ ਪਤਾ ਲਗਾ ਸਕਦੇ ਹਨ, ਕਿਉਂਕਿ ਅੱਗ ਲੱਗਣ ਵਾਲੀ ਥਾਂ ਤੋਂ ਗਰਮੀ ਨਿਕਲਦੀ ਰਹਿੰਦੀ ਹੈ, ਜਿਸ ਦਾ ਸੈਟੇਲਾਈਟ ਪਤਾ ਲਗਾ ਲੈਂਦਾ ਹੈ।
ਉਨ੍ਹਾਂ ਕਿਹਾ, “ਪੰਜਾਬ ਵਿੱਚ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਹਾਲਾਂਕਿ, ਖੀਵਾਲ ਦੇ ਅਨੁਸਾਰ, ਪੰਜਾਬ ਸਰਕਾਰ ਅਤੇ ਪੀਜੀਆਈ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਲਈ ਜਿਨ੍ਹਾਂ ਸੈਟੇਲਾਈਟਾਂ ਦੀ ਵਰਤੋਂ ਕਰ ਰਹੇ ਹਨ, ਉਹ ਭੂ-ਸਥਿਰ (ਜੀਓਸਟੇਸ਼ਨਰੀ/Geostationary) ਨਹੀਂ ਹਨ ਅਤੇ ਇਹ ਦੁਪਹਿਰ ਵੇਲੇ ਪੰਜਾਬ ਅਤੇ ਹਰਿਆਣਾ ਦੇ ਖੇਤਰ ਵਿੱਚੋਂ ਲੰਘਦੇ ਹਨ। ਇਸ ਲਈ ਇਨ੍ਹਾਂ ਸੈਟੇਲਾਈਟਾਂ ਤੋਂ ਪ੍ਰਾਪਤ ਅੰਕੜੇ ਸੰਕੇਤਕ ਹਨ ਅਤੇ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਜੀਓਸਟੇਸ਼ਨਰੀ ਸੈਟੇਲਾਈਟ ਦੇ ਅੰਕੜਿਆਂ ਨਾਲ ਤੁਲਨਾ ਕਰਨੀ ਪਵੇਗੀ।'' ਉਨ੍ਹਾਂ ਕਿਹਾ, ''ਪਰ ਫਿਰ ਵੀ ਕਿਸਾਨ ਵੱਡੇ ਪੱਧਰ 'ਤੇ ਸੈਟੇਲਾਈਟ ਨੂੰ ਧੋਖਾ ਨਹੀਂ ਦੇ ਸਕਦੇ।