Bathinda Accident Due To Heavy Fog: ਪੰਜਾਬ ਵਿੱਚ ਠੰਡ ਨੇ ਦਸਤਕ ਦੇ ਦਿੱਤੀ ਹੈ। ਠੰਡ ਦੇ ਆਉਂਦੇ ਹੀ ਪੰਜਾਬ ਨੂੰ ਧੁੰਦ ਦੀ ਸੰਘਣੀ ਚਾਦਰ ਨੇ ਵੀ ਆਪਣੇ ਆਗੋਸ਼ ਵਿੱਚ ਲੈ ਲਿਆ ਹੈ। ਪੰਜਾਬ ਦੇ ਕਈ ਇਲਾਕੇ ਅਜਿਹੇ ਹਨ, ਜਿੱਥੇ ਕਾਫੀ ਧੁੰਦ ਪੈਂਦੀ ਹੈ। ਇਸ ਧੁੰਦ ਦੇ ਚੱਲਦੇ ਭਿਆਨਕ ਹਾਦਸੇ ਵਾਪਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਂਦਾ ਹੈ।
ਧੁੰਦ ਕਰਕੇ ਬਠਿੰਡਾ ਵਿਚ ਇੱਕ ਭਿਆਨਕ ਹਾਦਸੇ ਦੀ ਖਬਰ ਆ ਰਹੀ ਹੈ। ਜਿਸ ਵਿਚ ਸੰਘਣੀ ਧੁੰਦ ਕਾਰਨ ਪੀ ਆਰ ਟੀ ਸੀ ਦੀ ਬੱਸ ਦੀ ਟੱਕਰ ਟਰੈਕਟਰ ਟਰਾਲੀ ਨਾਲ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਕਈ ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਬੱਸ ਸਵੇਰੇ ਇਕ ਖੜੇ ਘੋੜੇ ਟਰਾਲੇ ਨਾਲ ਜਾ ਟਕਰਾਈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਡੱਬਵਾਲੀ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਤਾਂ ਸੰਘਣੀ ਧੁੰਦ ਹੋਣ ਕਾਰਨ ਜਦ ਇਹ ਬੱਸ ਪਿੰਡ ਕੁਟੀ ਕਿਸ਼ਨਪੁਰਾ ਕੋਲ ਪਹੁੰਚੀ ਤਾਂ ਟਰਾਲੇ ਨਾਲ ਜਾ ਟਕਰਾਈ, ਜਿਸ ਕਾਰਨ ਬੱਸ ਦਾ ਕੰਡਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਸਵਾਰੀਆਂ ਨੂੰ ਮੰਡੀ ਡੱਬਵਾਲੀ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਛੇ ਸੱਤ ਸਵਾਰੀਆਂ ਦੇ ਸੱਟਾਂ ਲੱਗਣ ਦੀ ਖ਼ਬਰ ਮਿਲੀ ਹੈ। ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸੀ ਜਾ ਰਹੀ ਹੈ।