Punjab Train Accident: ਸ਼ਨੀਵਾਰ ਰਾਤ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਅੰਮ੍ਰਿਤਸਰ ਤੋਂ ਹਾਵੜਾ ਜਾ ਰਹੀ ਟਰੇਨ ਨੰਬਰ 13006 'ਚ ਅਚਾਨਕ ਧਮਾਕਾ ਹੋਣ ਕਾਰਨ ਪੰਜਾਬ 'ਚ ਹਫੜਾ-ਦਫੜੀ ਮਚ ਗਈ। ਇਸ ਘਟਨਾ 'ਚ ਇਕ ਔਰਤ ਸਮੇਤ ਚਾਰ ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜੀਆਰਪੀ ਦੇ ਡੀਐਸਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਅਜੇ ਕੁਮਾਰ, ਉਸ ਦੀ ਪਤਨੀ ਸੰਗੀਤਾ ਕੁਮਾਰੀ, ਆਸ਼ੂਤੋਸ਼ ਪਾਲ ਅਤੇ ਸੋਨੂੰ ਕੁਮਾਰ ਸ਼ਾਮਲ ਹਨ। ਮੁੱਢਲੀ ਜਾਂਚ ਅਨੁਸਾਰ ਰੇਲਗੱਡੀ ਵਿੱਚ ਪਟਾਕੇ ਇੱਕ ਬਾਲਟੀ ਵਿੱਚ ਰੱਖੇ ਹੋਏ ਸਨ, ਜਿਸ ਵਿੱਚ ਅਚਾਨਕ ਚੰਗਿਆੜੀ ਕਾਰਨ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਯਾਤਰੀ ਝੁਲਸ ਗਏ।
ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕੰਵਲਦੀਪ ਸਿੰਘ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਇਸ ਹਾਦਸੇ ਤੋਂ ਬਾਅਦ ਯਾਤਰੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਦੇਖੇ ਗਏ।
ਟਰੇਨ 'ਚ ਮੌਜੂਦ ਇਕ ਯਾਤਰੀ ਰਾਕੇਸ਼ ਪਾਲ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਪੂਰੇ ਡੱਬੇ 'ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜੀਆਰਪੀ ਵੱਲੋਂ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਰੇਲ ਗੱਡੀ ਵਿੱਚ ਪਟਾਕੇ ਲਿਆਉਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।