Punjab AQI After Diwali: 31 ਅਕਤੂਬਰ ਦੀ ਰਾਤ ਪੂਰੇ ਦੇਸ਼ ਭਰ 'ਚ ਦੀਵਾਲੀ ਦਾ ਤਿਓਹਾਰ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਲੋਕਾਂ ਨੇ ਰੱਜ ਕੇ ਪਟਾਕੇ ਚਲਾਏ। ਪੰਜਾਬ ਤੇ ਚੰਡੀਗੜ੍ਹ 'ਚ ਪ੍ਰਸ਼ਾਸਨ ਵੱਲੋਂ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਸਿਰਫ 2 ਘੰਟੇ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਹੈ, ਪਰ ਇਸ ਦੇ ਬਾਵਜੂਦ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ 'ਚ ਲੋਕਾਂ ਨੇ 4-5 ਘੰਟੇ ਲਗਾਤਾਰ ਪਟਾਕੇ ਚਲਾਏ। ਜਿਸ ਨਾਲ ਪੰਜਾਬ ਤੇ ਚੰਡੀਗੜ੍ਹ ਦੀ ਹਵਾ ਹੋਰ ਵੀ ਖਰਾਬ ਹੋ ਗਈ ਹੈ।
ਦੱਸ ਦਈਏ ਪੰਜਾਬ ਤੇ ਚੰਡੀਗੜ੍ਹ 'ਚ ਏਕਿਊਆਈ ਦੀ ਹਾਲਤ ਮਾੜੀ ਹੈ, ਜਿਸ ਦਾ ਮਤਲਬ ਹੈ ਕਿ ਹਵਾ ਜ਼ਹਿਰੀਲੀ ਹੋ ਗਈ ਹੈ। ਜੇ ਇਸ ਹਵਾ ;ਚ ਕੋਈ ਸਾਹ ਲਵੇ ਤਾਂ ਉਸ ਦਾ ਬੀਮਾਰ ਹੋਣ ਦਾ ਖਤਰਾ ਹੈ। ਅਜਿਹੇ 'ਚ ਜਿਹੜੇ ਲੋਕ ਪਹਿਲਾਂ ਤੋਂ ਸਾਹ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਹਨ, ਉਨ੍ਹਾਂ ਦੀ ਹਾਲਤ ਤਾਂ ਹੋਰ ਵੀ ਜ਼ਿਆਦਾ ਖਰਾਬ ਹੋ ਸਕਦੀ ਹੈ।
ਦੱਸ ਦਈਏ ਕਿ ਅੰਮ੍ਰਿਤਸਰ 'ਚ ਏਕਿਊਆਈ 155 (ਬਹੁਤ ਖਰਾਬ ਹਵਾ), ਅਬੋਹਰ 'ਚ 154 (ਖਰਾਬ), ਜਲੰਧਰ 'ਚ 193 (ਬਹੁਤ ਖਰਾਬ), ਲੁਧਿਆਣਾ 'ਚ 197 (ਬਹੁਤ ਖਰਾਬ), ਮਲੌਟ 'ਚ 153 (ਬਹੁਤ ਖਰਾਬ ਹਵਾ), ਪਠਾਨਕੋਟ 'ਚ 138 (ਬਹੁਤ ਖਰਾਬ ਹਵਾ),ਪਟਿਆਲਾ 'ਚ 216 (ਜ਼ਹਿਰੀਲੀ ਹਵਾ) ਰਿਕਾਰਡ ਕੀਤਾ ਗਿਆ। ਪੂਰੇ ਪੰਜਾਬ 'ਚੋਂ ਇਸ ਸਮੇਂ ਪਟਿਆਲਾ ਦਾ ਏਕਿਊਆਈ ਸਭ ਤੋਂ ਖਰਾਬ ਹੈ। ਜਿਸ ਦਾ ਮਤਲਬ ਹੈ ਕਿ ਇੱਥੋਂ ਦੀ ਹਵਾ ਬਹੁਤ ਜ਼ਿਆਦਾ ਖਰਾਬ ਹੈ।
ਹਰਿਆਣਾ 'ਚ 300 ਨੂੰ ਪਾਰ ਕਰ ਗਿਆ ਏਕਿਊਆਈ
ਦੱਸ ਦਈਏ ਕਿ ਦਿੱਲੀ 'ਚ ਏਕਿਊਆਈ 293 ਦਰਜ ਕੀਤਾ ਗਿਆ ਹੈ, ਜੋ ਕਿ ਬਹੁਤ ਜ਼ਿਆਦਾ ਹੈ। ਇਸ ਦਾ ਮਤਲਬ ਕਿ ਦਿੱਲੀ ਦੀ ਹਵਾ ਕਾਫੀ ਜ਼ਿਆਦਾ ਜ਼ਹਿਰੀਲੀ ਹੈ। ਪਰ ਜੇ ਗੱਲ ਹਰਿਆਣਾ ਦੀ ਕਰੀਏ ਤਾਂ ਇਸ ਸੂਬੇ ਦਾ ਹਾਲ ਸਭ ਤੋਂ ਬੁਰਾ ਹੈ। ਇੱਥੇ ਤਕਰੀਬਨ ਹਰ ਦੂਜੇ ਸ਼ਹਿਰ ਦਾ ਏਕਿਊਆਈ 300 ਨੂੰ ਪਾਰ ਕਰ ਗਿਆ ਹੈ। ਇਸ ਦਾ ਮਤਲਬ ਹੈ ਕਿ ਹਰਿਆਣਾ ਦੀ ਹਵਾ ਇਸ ਸਮੇਂ ਸਭ ਤੋਂ ਜ਼ਿਆਦਾ ਜ਼ਹਿਰੀਲੀ ਹੈ।
ਅੱਜ ਵੀ ਕਈ ਥਾਈਂ ਮਨਾਈ ਜਾਵੇਗੀ ਦੀਵਾਲੀ, ਹਵਾ ਹੋਰ ਹੋ ਜਾਵੇਗੀ ਖਰਾਬ
ਦੱਸ ਦਈਏ ਕਿ ਅੱਜ ਯਾਨਿ 1 ਨਵੰਬਰ ਨੂੰ ਵੀ ਕਈ ਥਾਵਾਂ 'ਤੇ ਦੀਵਾਲੀ ਮਨਾਈ ਜਾ ਰਹੀ ਹੈ। ਇਸ ਤੋਂ ਬਾਅਦ ਤਾਂ ਹਵਾ ਪ੍ਰਦੂਸ਼ਣ ਦਾ ਪੱਧਰ ਹੋਰ ਵੀ ਜ਼ਿਆਦਾ ਵਧੇਗਾ। ਕਿਉਂਕਿ ਲੋਕਾਂ ਨੂੰ ਇਹ ਕਨਫਿਊਜ਼ਨ ਸੀ ਕਿ ਦੀਵਾਲੀ 31 ਅਕਤੂਬਰ ਦੀ ਹੈ ਜਾਂ ਫਿਰ 1 ਨਵੰਬਰ ਦੀ। ਇਸ ਲਈ ਦੇਸ਼ 'ਚ ਕਈ ਥਾਈਂ ਅੱਜ ਵੀ ਦੀਵਾਲੀ ਮਨਾਈ ਜਾਵੇਗੀ।