Punjab News: ਐਤਵਾਰ (27 ਅਕਤੂਬਰ) ਦੀ ਰਾਤ ਨੂੰ ਪੰਜਾਬ ਦੇ ਮਾਨਸਾ ਦੇ ਸਿਰਸਾ ਰੋਡ 'ਤੇ ਸਥਿਤ ਇੱਕ ਪੈਟਰੋਲ ਪੰਪ 'ਤੇ ਧਮਾਕਾ ਹੋਇਆ। ਘਟਨਾ ਤੋਂ ਬਾਅਦ ਪੈਟਰੋਲ ਪੰਪ ਮਾਲਕ ਨੂੰ ਵਿਦੇਸ਼ੀ ਮੋਬਾਈਲ ਨੰਬਰ ਤੋਂ ਕਾਲ ਅਤੇ ਮੈਸੇਜ ਕਰਕੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਫਿਰੌਤੀ ਨਾ ਦੇਣ 'ਤੇ ਪੂਰੇ ਪਰਿਵਾਰ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਗਈ ਹੈ। ਪੁਲਿਸ ਨੇ ਪੈਟਰੋਲ ਪੰਪ ਮਾਲਕ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੈਟਰੋਲ ਪੰਪ 'ਤੇ ਧਮਾਕੇ ਤੋਂ ਬਾਅਦ ਇਸ ਦੇ ਮਾਲਕ ਨੂੰ ਵਟਸਐਪ ਕਾਲ ਰਾਹੀਂ ਫੋਨ ਕੀਤਾ ਗਿਆ। ਫੋਨ ਨਾ ਚੁੱਕਣ 'ਤੇ ਪੈਟਰੋਲ ਪੰਪ ਮਾਲਕ ਨੂੰ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮੈਸੇਜ ਭੇਜਿਆ ਗਿਆ। ਨਾਲ ਹੀ ਪੈਟਰੋਲ ਪੰਪ ਧਮਾਕੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਗਿਆ ਸੀ ਕਿ "ਸਿਰਫ ਟ੍ਰੇਲਰ ਦਿਖਾਇਆ ਗਿਆ ਹੈ, ਜੇਕਰ 5 ਕਰੋੜ ਰੁਪਏ ਨਾ ਦਿੱਤੇ ਗਏ ਤਾਂ ਘਰ 'ਤੇ ਹਮਲਾ ਕੀਤਾ ਜਾਵੇਗਾ ਅਤੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।"
ਜਾਂਚ ਵਿੱਚ ਜੁਟੀ ਹੋਈ ਪੁਲਿਸ
ਪੈਟਰੋਲ ਪੰਪ ਦੇ ਮਾਲਕ ਖੁਸ਼ਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪੈਟਰੋਲ ਪੰਪ ਦਾ ਅਟੈਂਡੈਂਟ ਗੁਰਪ੍ਰੀਤ ਸਿੰਘ ਰਾਤ ਵੇਲੇ ਡਿਊਟੀ ’ਤੇ ਸੀ ਤਾਂ ਕਿਸੇ ਨੇ ਪੈਟਰੋਲ ਪੰਪ ’ਤੇ ਗਰਨੇਡ ਸੁੱਟਿਆ ਜੋ ਪੈਟਰੋਲ ਪੰਪ ਨੇੜੇ ਲੰਘਦੀ ਨਾਲੇ ਵਿੱਚ ਜਾ ਡਿੱਗਿਆ ਤੇ ਧਮਾਕਾ ਹੋ ਗਿਆ। ਇਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਦੀ ਜਾਂਚ ਟੀਮ ਪੈਟਰੋਲ ਪੰਪ ਦੀ ਜਾਂਚ ਕਰ ਰਹੀ ਹੈ।
ਇਸ ਦੌਰਾਨ ਮਾਨਸਾ ਦੇ ਐਸਐਸਪੀ ਭਗੀਰਥ ਮੀਨਾ ਨੇ ਕਿਹਾ ਕਿ ਅਸੀਂ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ। ਐਫਐਸਐਲ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਐਫਐਸਐਲ ਰਿਪੋਰਟ ਸਪੱਸ਼ਟ ਕਰੇਗੀ ਕਿ ਇਹ ਕਿਸ ਤਰ੍ਹਾਂ ਦਾ ਧਮਾਕਾ ਸੀ। ਕੇਂਦਰੀ ਏਜੰਸੀਆਂ ਵੀ ਇਸ ਧਮਾਕੇ ਦੇ ਮਾਮਲੇ 'ਤੇ ਨਜ਼ਰ ਰੱਖ ਰਹੀਆਂ ਹਨ।