Lawrence Bishnoi: ਪੰਜਾਬ-ਹਰਿਆਣਾ ਹਾਈਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਇੰਟਰਵਿਊ ਦੇ ਮਾਮਲੇ ਵਿੱਚ ਜੂਨੀਅਰ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਮੁਹਾਲੀ ਦੇ ਐਸਐਸਪੀ ਅਤੇ ਐਸਪੀ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ ਹੈ।
ਹਾਈਕੋਰਟ ਨੇ ਕਿਹਾ, ਲਾਰੇਂਸ ਦੀ ਹਿਰਾਸਤ ਨਾਮਾਤਰ ਦੀ ਸੀ, ਉਸ ਨੂੰ ਪੰਜਾਬ ਵਿੱਚ ਸਟੇਟ ਗੈਸਟ ਵਰਗੀਆਂ ਸਹੂਲਤਾਂ ਮਿਲ ਰਹੀਆਂ ਸਨ। ਅਦਾਲਤ ਨੇ ਪੰਜਾਬ ਸਰਕਾਰ ਨੂੰ ਐਸਆਈਟੀ ਦੀ ਰਿਪੋਰਟ ਦੇਖ ਕੇ ਐਸਐਸਪੀ ਅਤੇ ਐਸਪੀ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਨਹੀਂ ਤਾਂ ਅਸੀਂ ਆਰਡਰ ਜਾਰੀ ਕਰਾਂਗੇ।
ਜਦੋਂ ਡੀਐਸਪੀ ਅਤੇ ਕਾਂਸਟੇਬਲਾਂ ਨੂੰ ਮੁਅੱਤਲ ਕਰਨ ਦੀ ਸੂਚਨਾ ਦਿੱਤੀ ਗਈ ਤਾਂ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਅਤੇ ਜਸਟਿਸ ਲਪਿਤਾ ਬੈਨਰਜੀ ਦੇ ਬੈਂਚ ਨੇ ਪੁੱਛਿਆ ਕਿ ਮੁਹਾਲੀ ਦੇ ਤਤਕਾਲੀ ਐਸਐਸਪੀ ਅਤੇ ਐਸਪੀ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ। ਪੰਜਾਬ ਏਜੀ ਨੇ ਕਿਹਾ ਕਿ ਐਸਐਸਪੀ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਫਿਰ ਬੈਂਚ ਨੇ ਪੁੱਛਿਆ ਕਿ ਇੰਨਾ ਵੱਡਾ ਕਾਫਲਾ ਲਾਰੈਂਸ ਨਾਲ ਸਫਰ ਕਰਦਾ ਹੈ, ਇਹ ਕਿਵੇਂ ਹੋ ਸਕਦਾ ਹੈ ਕਿ ਐੱਸਐੱਸਪੀ ਨੂੰ ਇਸ ਦੀ ਜਾਣਕਾਰੀ ਨਾ ਹੋਵੇ।