Punjab Police News: ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਪੁਲਿਸ ਨਾਲ ਮਿਲ ਕੇ ਲਖਨਊ ਵਿੱਚ ਇੱਕ ਸਾਂਝੇ ਆਪਰੇਸ਼ਨ ਵਿੱਚ ਦੋ ਲੋੜੀਂਦੇ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਡੀਜੀਪੀ ਨੇ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮ ਪੰਜਾਬ ਵਿੱਚ ਵੱਖ-ਵੱਖ ਕਤਲ ਕੇਸਾਂ ਵਿੱਚ ਲੋੜੀਂਦੇ ਸਨ।
ਗ੍ਰਿਫਤਾਰ ਕੀਤੇ ਗਏ ਸ਼ੂਟਰਾਂ 'ਚੋਂ ਇਕ ਬਿਕਰਮਜੀਤ ਉਰਫ ਵਿੱਕੀ 'ਤੇ ਤਰਨਤਾਰਨ 'ਚ ਗੁਰਪ੍ਰੀਤ ਸਿੰਘ ਦੇ ਕਤਲ ਦਾ ਦੋਸ਼ ਹੈ। ਦੂਜਾ ਮੁਲਜ਼ਮ ਪੰਜਾਬ ਸਿੰਘ ਹੈ, ਜੋ ਸਤੰਬਰ 2024 ਵਿੱਚ ਫ਼ਿਰੋਜ਼ਪੁਰ ਵਿੱਚ ਵਾਪਰੇ ਤੀਹਰੇ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ। ਦੋਵਾਂ ਖਿਲਾਫ ਕਈ ਗੰਭੀਰ ਅਪਰਾਧ ਦਰਜ ਹਨ ਅਤੇ ਇਨ੍ਹਾਂ 'ਤੇ ਵਿਦੇਸ਼ੀ ਗੈਂਗਸਟਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰਨ ਦੇ ਦੋਸ਼ ਹਨ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮਾਂ ਦਾ ਇੱਕ ਵਿਆਪਕ ਅਪਰਾਧਿਕ ਇਤਿਹਾਸ ਹੈ ਅਤੇ ਉਹ ਪੰਜਾਬ ਵਿੱਚ ਵੱਧ ਰਹੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਹਨ।
3 ਸਤੰਬਰ ਨੂੰ ਹੋਇਆ ਸੀ ਤਿਹਰਾ ਕਤਲ
ਦੱਸ ਦਈਏ ਕਿ ਫ਼ਿਰੋਜ਼ਪੁਰ ਸ਼ਹਿਰ ਦੇ ਅਕਾਲਗੜ੍ਹ ਗੁਰਦੁਆਰੇ ਦੇ ਸਾਹਮਣੇ ਤਿੰਨ ਬਾਈਕ ਸਵਾਰ ਹਮਲਾਵਰਾਂ ਨੇ ਇੱਕ ਕਾਰ ਨੂੰ ਘੇਰ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇਸ ਵਾਰਦਾਤ 'ਚ 3 ਲੋਕਾਂ ਦੀ ਮੌਤ ਹੋਈ ਸੀ। ਘਟਨਾ 3 ਸਤੰਬਰ ਦੀ ਹੈ। ਇਸ ਘਟਨਾ ਵਿੱਚ ਜਸਪ੍ਰੀਤ ਕੌਰ, ਦਿਲਦੀਪ ਸਿੰਘ ਅਤੇ ਅਕਾਸ਼ਦੀਪ ਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਵਿੱਚ ਛੇ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।
ਮੁਲਜ਼ਮਾਂ ਨੇ ਵਾਰਦਾਤ ਨੂੰ ਯੋਜਨਾਬੱਧ ਤਰੀਕੇ ਨਾਲ ਦਿੱਤਾ ਸੀ ਅੰਜਾਮ
ਇਸ ਘਟਨਾ ਨੂੰ ਮੁਲਜ਼ਮਾਂ ਨੇ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਹੈ। ਮੁਲਜ਼ਮ ਦੀ ਦਿਲਦੀਪ ਨਾਲ ਦੁਸ਼ਮਣੀ ਸੀ। ਦਿਲਦੀਪ ਆਪਣੀ ਚਚੇਰੀ ਭੈਣ ਜਸਪ੍ਰੀਤ ਕੌਰ ਨਾਲ ਕਾਰ ਰਾਹੀਂ ਆਪਣੇ ਵਿਆਹ ਦੇ ਕਾਰਡ ਅਤੇ ਬਾਜ਼ਾਰ ਵਿੱਚ ਸਾਮਾਨ ਲੈਣ ਗਿਆ ਸੀ। ਕੋਈ ਨਾ ਕੋਈ ਮੁਲਜ਼ਮ ਨੂੰ ਦਿਲਦੀਪ ਦੀ ਹਰ ਗਤੀਵਿਧੀ ਦੀ ਜਾਣਕਾਰੀ ਦੇ ਰਿਹਾ ਸੀ। ਮੁਲਜ਼ਮ ਗੁਰਦੁਆਰੇ ਕੋਲ ਖੜ੍ਹੇ ਦਿਲਦੀਪ ਦਾ ਇੰਤਜ਼ਾਰ ਕਰ ਰਹੇ ਸਨ, ਜਿਵੇਂ ਹੀ ਦਿਲਦੀਪ ਦੀ ਕਾਰ ਉਥੇ ਪਹੁੰਚੀ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾ ਕੇ ਦਿਲਦੀਪ, ਜਸਪ੍ਰੀਤ ਕੌਰ ਅਤੇ ਅਕਾਸ਼ਦੀਪ ਨੂੰ ਮਾਰ ਦਿੱਤਾ ਅਤੇ ਉਥੋਂ ਫ਼ਰਾਰ ਹੋ ਗਏ।