ਪਟਿਆਲਾ: ਬੇਰੁਜ਼ਗਾਰ ਈਟੀਟੀ ਸਿਲੈਕਟਿਡ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਅਧਿਆਪਕਾਂ ਨੂੰ ਵਾਈਪੀਐੱਸ ਚੌਕ ਵਿੱਚ ਪੁਲਿਸ ਦੀ ਖਿੱਚ-ਧੂਹ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਪੁਲਿਸ ਅਤੇ ਬੇਰੁਜ਼ਗਾਰਾਂ ਵਿਚਕਾਰ ਜ਼ਬਰਦਸਤ ਝੜਪ ਹੋਈ ਸੀ। ਜਦੋਂ ਬੇਰੁਜ਼ਗਾਰ ਨਾ ਮੰਨੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਲਾਠੀਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਾਹੌਲ ਦੇ ਹੋਰ ਅਣਸੁਖਾਵਾਂ ਬਣਨ ਤੋਂ ਪਹਿਲਾਂ ਹੀ ਸਿਵਲ ਪ੍ਰਸ਼ਾਸਨ ਨੇ ਅਧਿਆਪਕਾਂ ਨੂੰ 17 ਅਗਸਤ ਨੂੰ ਸੂਬਾਈ ਅਥਾਰਿਟੀ ਨਾਲ ਚੰਡੀਗੜ੍ਹ ’ਚ ਗੱਲਬਾਤ ਦਾ ਸਮਾਂ ਦਿਵਾ ਦਿੱਤਾ, ਜਿਸ ਮਗਰੋਂ ਉਹ ਵਾਪਸ ਚਲੇ ਗਏ। ਜ਼ਿਕਰਯੋਗ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਨੇ ਪਿਛਲੇ ਕਈ ਦਿਨਾਂ ਤੋਂ ਸੀਐਮ ਸਿਟੀ ਦੇ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਨੇੜੇ ਬੱਸ ਸਟੈਂਡ ਚੌਕ ‘ਤੇ ਪੱਕਾ ਮੋਰਚਾ ਲਗਾਇਆ ਹੋਇਆ ਹੈ, ਪਰ ਸਰਕਾਰ ਨੇ ਅਜੇ ਤੱਕ ਉਨ੍ਹਾਂ ਦੀ ਕੋਈ ਦੇਖ ਭਾਲ ਨਹੀਂ ਕੀਤੀ ਹੈ। ਇਸ ਤੋਂ ਨਾਰਾਜ਼ ਹੋ ਕੇ ਬੇਰੁਜ਼ਗਾਰ ਅਧਿਆਪਕਾਂ ਨੇ ਮੰਗਲਵਾਰ ਨੂੰ ਮੋਤੀ ਮਹਿਲ ਦੇ ਘਿਰਾਓ ਵੱਲ ਰੋਸ ਮਾਰਚ ਕੱਢਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਵੋਟਾਂ ਨੇੜੇ ਹੋਣ ਕਾਰਨ ਚੋਣ ਜ਼ਾਬਤੇ ਕਾਰਨ ਉਨ੍ਹਾਂ ਨੂੰ ਨਿਯੁਕਤੀਆਂ ਦੇ ਰੁਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਉਨ੍ਹਾਂ ਦੇ ਮੋਰਚੇ ਨੂੰ ਅਣਗੌਲਿਆ ਜਾ ਰਿਹਾ ਹੈ। ਅਖ਼ੀਰ ਉਨ੍ਹਾਂ ਕੈਪਟਨ ਦੀ ਰਿਹਇਸ਼ ਵੱਲ ਰੋਸ ਮਾਰਚ ਕੀਤਾ ਤਾਂ ਵਾਈਪੀਐੱਸ ਚੌਕ ਵਿੱਚ ਪੁਲਿਸ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ। ਯੂਨੀਅਨ ਆਗੂ ਮੁਤਾਬਕ ਇਸ ਖਿੱਚ-ਧੂਹ ਦੌਰਾਨ ਕਈ ਔਰਤਾਂ ਦੀਆਂ ਚੁੰਨੀਆਂ ਵੀ ਰੁਲ ਗਈਆਂ। ਉਨ੍ਹਾਂ ਦੱਸਿਆ ਕਿ 17 ਅਗਸਤ ਨੂੰ ਜੇ ਸਰਕਾਰ ਨੇ ਮਾਮਲਾ ਗੰਭੀਰਤਾ ਨਾਲ ਨਾ ਵਿਚਾਰਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।