Punjab Bypolls 2024: ਭਾਜਪਾ ਨੇ ਪੰਜਾਬ ਦੀਆਂ ਵਿਧਾਨ ਸਭਾ ਜਿਮਨੀ ਚੋਣਾਂ ਲਈ ਤਿੰਨ ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਡੇਰਾ ਬਾਬਾ ਨਾਨਕ ਤੋਂ ਸਰਦਾਰ ਰਵੀਕਰਨ ਕਾਹਲੋਂ, ਗਿੱਦੜਬਾਹਾ ਤੋਂ ਸਰਦਾਰ ਮਨਪ੍ਰੀਤ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਬਰਨਾਲਾ ਤੋਂ ਸਰਦਾਰ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਮਨਪ੍ਰੀਤ ਬਾਦਲ ਪਹਿਲਾਂ ਕਾਂਗਰਸ ਪਾਰਟੀ ਵਿੱਚ ਸਨ। ਉਸਨੇ ਜਨਵਰੀ 2023 ਵਿੱਚ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚਚੇਰੇ ਭਰਾ ਹਨ।
ਮਨਪ੍ਰੀਤ ਬਾਦਲ ਗਿੱਦੜਬਾਹਾ ਤੋਂ ਲੜਨਗੇ ਜ਼ਮਨੀ ਚੋਣ
ਮਨਪ੍ਰੀਤ ਬਾਦਲ ਨੇ 1995 ਵਿੱਚ ਇਸ ਸੀਟ ਤੋਂ ਉਪ ਚੋਣ ਜਿੱਤ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ। 1992 ਵਿੱਚ ਇੱਥੋਂ ਕਾਂਗਰਸ ਦੇ ਰਘੁਬੀਰ ਸਿੰਘ ਨੇ ਚੋਣ ਜਿੱਤੀ ਸੀ। ਪਰ ਉਸ ਨੂੰ ਇਕ ਜੁਰਮ ਵਿਚ ਦੋਸ਼ੀ ਕਰਾਰ ਦਿੱਤਾ ਗਿਆ, ਜਿਸ ਤੋਂ ਬਾਅਦ ਇੱਥੇ ਉਪ ਚੋਣ ਹੋਈ ਅਤੇ ਮਨਪ੍ਰੀਤ ਬਾਦਲ ਨੇ ਇਹ ਉਪ ਚੋਣ ਜਿੱਤੀ।
ਇਸ ਸਾਲ ਦੇ ਸ਼ੁਰੂ ਵਿੱਚ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਲੋਕ ਸਭਾ ਸੀਟ ਤੋਂ ਜਿੱਤਣ ਤੋਂ ਬਾਅਦ ਇਹ ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ।
ਕੇਵਲ ਸਿੰਘ ਢਿੱਲੋਂ ਪਹਿਲਾਂ ਵੀ ਬਰਨਾਲਾ ਤੋਂ ਰਹਿ ਚੁੱਕੇ ਵਿਧਾਇਕ
ਬਰਨਾਲਾ ਸੀਟ ਤੋਂ ਟਿਕਟ ਹਾਸਲ ਕਰਨ ਵਾਲੇ ਕੇਵਲ ਸਿੰਘ ਢਿੱਲੋਂ ਕਾਂਗਰਸ ਦੀ ਟਿਕਟ ’ਤੇ ਦੋ ਵਾਰ ਇਸ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਕਾਂਗਰਸ ਤੋਂ ਕੱਢ ਦਿੱਤਾ ਗਿਆ ਸੀ। ਢਿੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ। ਕੁੱਲ ਮਿਲਾ ਕੇ ਪਾਰਟੀ ਨੇ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਹੋਰਨਾਂ ਪਾਰਟੀਆਂ ਤੋਂ ਭਾਜਪਾ ਵਿੱਚ ਆਉਣ ਵਾਲੇ ਆਗੂਆਂ ’ਤੇ ਭਰੋਸਾ ਪ੍ਰਗਟਾਇਆ ਹੈ। ਬਰਨਾਲਾ ਵਿਧਾਨ ਸਭਾ ਸੀਟ ਗੁਰਮੀਤ ਸਿੰਘ ਮੀਤ ਹੇਅਰ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ।
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋ ਰਹੀਆਂ ਚੋਣਾਂ
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 13 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ। ਚਾਰ ਵਿਧਾਨ ਸਭਾ ਸੀਟਾਂ 'ਤੇ ਜਿਮਨੀ ਚੋਣਾਂ ਦੀ ਲੋੜ ਇਸ ਲਈ ਪੈਦਾ ਹੋ ਗਈ ਹੈ ਕਿਉਂਕਿ ਇਨ੍ਹਾਂ ਸੀਟਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਲੋਕ ਸਭਾ ਲਈ ਚੁਣੇ ਗਏ ਹਨ।