Weather Punjab: ਅਕਤੂਬਰ ਦਾ ਮਹੀਨਾ ਅੱਧੇ ਤੋਂ ਜ਼ਿਆਦਾ ਨਿਕਲ ਚੁੱਕਿਆ ਹੈ। ਆਖਰ ਪੰਜਾਬ 'ਚ ਮੌਸਮ ਕਰਵਟ ਬਦਲਦਾ ਨਜ਼ਰ ਆ ਰਿਹਾ ਹੈ। ਸਵੇਰੇ ਸ਼ਾਮ ਠੰਢ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਣ ਲੱਗ ਪਈ ਹੈ। ਦੱਸ ਦਈਏ ਕਿ ਪੰਜਾਬ ਦੇ ਮੌਸਮ 'ਚ ਤੇਜ਼ੀ ਨਾਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਰਾਤ ਦੇ ਤਾਪਮਾਨ 'ਚ ਵੀ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ ਅਤੇ 27 ਤਰੀਕ ਤੋਂ ਬਾਅਦ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ। ਫਿਲਹਾਲ ਸਵੇਰੇ ਸ਼ਾਮ ਠੰਡ ਪੈਣੀ ਸ਼ੁਰੂ ਹੋ ਗਈ ਹੈ, ਪਰ ਹਾਲੇ ਠੰਢ ਵਿੱਚ ਉਹ ਅਸਰ ਨਹੀਂ ਹੈ। ਪਰ ਤਾਪਮਾਨ ਜ਼ਰੂਰ ਹੇਠਾਂ ਡਿੱਗ ਗਿਆ ਹੈ। ਦੱਸ ਦਈਏ ਕਿ ਦਿਨ ਵੇਲੇ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 33.2 ਦਰਜ ਕੀਤਾ ਜਾ ਰਿਹਾ ਹੈ, ਉੱਥੇ ਹੀ ਰਾਤ ਦਾ ਤਾਪਮਾਨ ਭਾਰੀ ਗਿਰਾਵਟ ਦੇ ਨਾਲ 20 ਡਿਗਰੀ ਤੱਕ ਆ ਪਹੁੰਚਿਆ ਹੈ।
ਮੀਂਹ ਪੈਣ ਨਾਲ ਵਧੇਗੀ ਠੰਢ! ਮੌਸਮ ਵਿਭਾਗ ਦੀ ਮੰਨੀ ਜਾਏ ਤਾਂ ਅਗਲੇ ਕੁੱਝ ਦਿਨਾਂ 'ਚ ਹੋਰ ਠੰਢ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮੁਤਾਬਕ ਦੱਖਣੀ ਪੱਛਮੀ ਬੰਗਾਲ ਤੋਂ ਲੈਕੇ ਦੱਖਣੀ ਭਾਰਤ ਤੱਕ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਨਾਲ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ, ਬੰਗਲਾਦੇਸ਼ ਤੇ ਮਿਆਂਮਾਰ ਇਸ ਬਰਸਾਤ ਨਾਲ ਸਭ ਤੋਂ ਜ਼ਿਆਂਦਾ ਪ੍ਰਭਾਵਿਤ ਹੋਣਗੇ। ਇਸ ਦੇ ਨਾਲ ਨਾਲ ਮੀਂਹ ਪੈਣ ਕਰਕੇ ਠੰਢ 'ਚ ਹੋਰ ਵਾਧਾ ਵੀ ਹੋਵੇਗਾ।
ਪੰਜਾਬ 'ਚ ਪਵੇਗਾ ਮੀਂਹ?
ਮੌਸਮ ਵਿਭਾਗ ਦੇ ਮੁਤਾਬਕ ਅਗਲੇ ਇੱਕ ਹਫਤੇ ਤੱਕ ਪੰਜਾਬ 'ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਪਰ ਅਗਲੇ ਹਫਤੇ ਰਾਤ ਦੇ ਤਾਪਮਾਨ 'ਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
ਅਗਲੇ 24 ਘੰਟਿਆਂ ਵਿੱਚ ਮੀਂਹ
ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਦੌਰਾਨ ਉੱਤਰੀ ਤਾਮਿਲਨਾਡੂ, ਰਾਇਲ ਸੀਮਾ, ਕਰਨਾਟਕ ਅਤੇ ਕੇਰਲ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਕੇਰਲ, ਤੇਲੰਗਾਨਾ, ਤੱਟਵਰਤੀ ਆਂਧਰਾ ਪ੍ਰਦੇਸ਼, ਓਡੀਸ਼ਾ, ਪੱਛਮੀ ਬੰਗਾਲ, ਝਾਰਖੰਡ ਦੇ ਕੁਝ ਹਿੱਸਿਆਂ, ਕੋਂਕਣ ਅਤੇ ਗੋਆ, ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਸਿੱਕਮ, ਉੱਤਰ-ਪੂਰਬੀ ਭਾਰਤ, ਛੱਤੀਸਗੜ੍ਹ, ਮੱਧ ਪ੍ਰਦੇਸ਼, ਉੱਤਰਾਖੰਡ, ਵਿਦਰਭ ਅਤੇ ਦੱਖਣੀ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।