Saturday, February 01, 2025

Punjab

Giani Harpreet Singh: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਸਤੀਫਾ

October 17, 2024 09:45 AM

Giani Harpreet Singh Resignation: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀਆਂ ਕਥਿਤ ਧਮਕੀਆਂ ਤੋਂ ਬਾਅਦ ਮਾਨਸਿਕ ਪ੍ਰੇਸ਼ਾਨੀ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਹੈ।

ਉਨ੍ਹਾਂ ਦਾ ਅਸਤੀਫ਼ਾ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵਲਟੋਹਾ ਨੂੰ ਤਖ਼ਤ ਦੇ ਜਥੇਦਾਰਾਂ ਦੀ ਭਰੋਸੇਯੋਗਤਾ ਨੂੰ ਢਾਹ ਲਾਉਣ ਦਾ ਦੋਸ਼ੀ ਠਹਿਰਾਉਂਦਿਆਂ, ਓਹਨਾਂ ਨੂੰ ਅਕਾਲੀ ਦਲ ਤੋਂ ਬਰਖਾਸਤ ਕਰਨ ਲਈ ਕਹਿਣ ਤੋਂ ਇੱਕ ਦਿਨ ਬਾਅਦ ਆਇਆ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣਾ ਅਸਤੀਫਾ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ, “ਮੈਂ ਧਾਮੀ ਸਾਹਿਬ ਨੂੰ ਮੇਰਾ ਅਸਤੀਫਾ ਪ੍ਰਵਾਨ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਮੈਂ ਹੁਣ ਅਜਿਹੇ ਮਾਨਸਿਕ ਦਬਾਅ ਹੇਠ ਇਸ ਅਹੁਦੇ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਾਂਗਾ।”

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਪਹਿਲਾਂ ਤਾਂ ਵਲਟੋਹਾ ਨੇ ਮੇਰੇ ਚਰਿੱਤਰ 'ਤੇ ਗੰਦੇ ਇਲਜ਼ਾਮ ਲਾਏ, ਪਰ ਹੁਣ ਉਸ ਨੇ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੈਨੂੰ ਧਮਕੀ ਭਰੇ ਫੋਨ ਆ ਰਹੇ ਹਨ। ਮੈਂ ਦੋ ਧੀਆਂ ਦਾ ਪਿਤਾ ਹਾਂ। ਜਿਸ ਮਾਨਸਿਕ ਪੀੜਾ ਵਿੱਚੋਂ ਮੈਂ ਲੰਘ ਰਿਹਾ ਹਾਂ ਉਹ ਹੁਣ ਬਰਦਾਸ਼ਤ ਤੋਂ ਬਾਹਰ ਹੈ।"

ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਵਿੰਗ ਦੇ ਇਸ਼ਾਰੇ ’ਤੇ ਧਮਕੀ ਭਰੇ ਸੰਦੇਸ਼ ਭੇਜੇ ਜਾ ਰਹੇ ਹਨ। “ਮੈਨੂੰ ਪਤਾ ਲੱਗਾ ਹੈ ਕਿ ਇਸ ਪਿੱਛੇ ਕੁਝ ਅਕਾਲੀ ਆਗੂ ਸਨ। ਮੈਨੂੰ ਦੁੱਖ ਹੈ ਕਿ ਸ਼੍ਰੋਮਣੀ ਕਮੇਟੀ ਵੀ ਇਸ 'ਤੇ ਚੁੱਪ ਰਹੀ।" ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਓਹ ਵੱਡੀ ਸਾਜਿਸ਼ ਦਾ ਸ਼ਿਕਾਰ ਹੋਏ ਹਨ।

ਉੱਧਰ ਦੂਜੇ ਪਾਸੇ, ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਵਲਟੋਹਾ ਨੇ ਕਿਹਾ ਕਿ "ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਹਨ ਕਿ ਓਹ ਸਾਜ਼ਿਸ਼ ਦਾ ਸ਼ਿਕਾਰ ਹੋਏ ਹਨ। ਇਸ ਦਾ ਇਲਜ਼ਾਮ ਓਹ ਮੇਰੇ ਉੱਤੇ ਲਗਾ ਰਹੇ ਹਨ। ਜੇਕਰ ਉਸ ਕੋਲ ਸਬੂਤ ਹਨ ਤਾਂ ਉਹ ਮੇਰੇ ਖਿਲਾਫ ਕਾਰਵਾਈ ਕਰ ਸਕਦੇ ਹਨ।''

Have something to say? Post your comment