ਅੰਮ੍ਰਿਤਸਰ : ਪੰਜਾਬ ਵਿੱਚ ਬੰਬ ਮਿਲਣ ਦੀ ਸੂਚਨਾ ਮਗਰੋਂ ਡੀਜੀਪੀ ਦਿਨਕਰ ਗੁਪਤਾ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਨਾਲ ਪਿੰਡ ਡਾਲੇਕੇ ਤੋਂ ਸਾਹਮਣੇ ਆਈ ਹੈ । ਜਿੱਥੇ ਟਿਫਨ ਬੰਬ ਮਿਲਣ 'ਤੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਡਰੋਨ ਰਾਹੀ ਸੁੱਟਿਆ ਗਿਆ ਬੰਬ ਉਨ੍ਹਾਂ ਵੱਲੋਂ ਬਰਾਮਦ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਸਰਹੱਦ ਉੱਪਰ ਲਗਾਤਾਰ ਗਤੀਵਿਧੀਆਂ ਦੀ ਸਖਤੀ ਨੂੰ ਵਧਾ ਦਿੱਤਾ ਗਿਆ ਹੈ। ਉੱਥੇ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਸ਼ੱਕੀ ਚੀਜ਼ ਮਿਲਣ 'ਤੇ ਉਸ ਬਾਰੇ ਸਾਰੀ ਸੂਚਨਾ 112 ਨੰਬਰ 'ਤੇ ਫੋਨ ਕਰਕੇ ਦਿੱਤੀ ਜਾਣੀ ਚਾਹੀਦੀ ਹੈ। ਦਰਅਸਲ 15 ਅਗਸਤ ਨੂੰ ਲੈ ਕੇ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਾਕਿਸਤਾਨ ਵਿੱਚ ਬੈਠੇ ਹੋਏ ਅੱਤਵਾਦੀ ਸੰਗਠਨਾਂ ਵੱਲੋਂ ਕਿਸੇ ਵੀ ਤਰਾਂ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਕਿਉਂਕਿ ਹੁਣ ਪ੍ਰਾਪਤ ਹੋਏ ਬੰਬ ਵਿਚ ਦੋ ਕਿੱਲੋ ਆਰ ਡੀ ਐਕਸ ਅਤੇ ਇਸ ਵਿੱਚ ਸਵਿੱਚ ਮੈਕੇਨਿਜਮ ਵਾਲਾ ਟਾਈਮ ਬੰਬ ਵੀ ਪ੍ਰਾਪਤ ਹੋਇਆ ਹੈ। ਡਰੋਨ ਰਾਹੀਂ ਪੰਜਾਬ ਵਿੱਚ ਸੁੱਟੀ ਗਈ ਇਸ ਸਮੱਗਰੀ ਵਿੱਚ 3 ਡੇਟੋਨੇਟਰ, ਸਪ੍ਰਿੰਗ ਮੈਕੇਨਿਜਮ ਅਤੇ ਮੈਗਨੈਟਿਕ ਵੀ ਬਰਾਮਦ ਹੋਏ ਹਨ। ਇਹ ਬੰਬ ਟੀਫਨ ਬੰਬ ਦੇ ਰੂਪ ਵਿੱਚ ਸੁੱਟਿਆ ਗਿਆ ਸੀ। ਜਿਸ ਤੋਂ ਬਾਅਦ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ।