Thursday, April 03, 2025

Punjab

ਪੰਜਾਬ ਪੁਲਿਸ ਵੱਲੋਂ ਗੁਜਰਾਤ ਤੋਂ ਪੰਜਾਬ ਲਿਆਂਦੀ ਜਾ ਰਹੀ 38 ਕਿਲੋ ਹੈਰੋਇਨ ਬਰਾਮਦ, ਟੂਲ ਬਾਕਸ 'ਚ ਲੁਕਾ ਕੇ ਲਿਆ ਰਹੇ ਸੀ ਡਰੱਗਜ਼

Punjab police

August 29, 2022 10:08 AM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਜਾਰੀ ਜੰਗ ਦੌਰਾਨ ਪੰਜਾਬ ਪੁਲਿਸ ਨੂੰ ਅੱਜ ਉਦੋਂ ਇੱਕ ਹੋਰ ਵੱਡੀ ਸਫਲਤਾ ਮਿਲੀ ਜਦੋਂ ਐਸਬੀਐਸ ਨਗਰ ਪੁਲਿਸ ਨੇ ਗੁਜਰਾਤ ਤੋਂ ਆ ਰਹੇ ਇੱਕ ਟਰੱਕ ਦੇ ਟੂਲ ਬਾਕਸ ਵਿੱਚ ਲੁਕਾ ਕੇ ਰੱਖੀ ਹੋਈ 38 ਕਿਲੋ ਹੈਰੋਇਨ ਬਰਾਮਦ ਕੀਤੀ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। 

ਡੀਜੀਪੀ ਨੇ ਦੱਸਿਆ ਕਿ ਪੁਲਿਸ ਨੇ ਬਲਾਚੌਰ, ਐਸ.ਬੀ.ਐਸ.ਨਗਰ ਦੇ ਰਹਿਣ ਵਾਲੇ ਟਰੱਕ ਡਰਾਈਵਰ ਕੁਲਵਿੰਦਰ ਰਾਮ ਉਰਫ਼ ਕਿੰਦਾ ਅਤੇ ਉਸ ਦੇ ਸਾਥੀ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਦੋ ਨਸ਼ਾ ਤਸਕਰਾਂ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਵਾਸੀ ਰਾਕਰਾਂ ਢਾਹਾਂ ਅਤੇ ਸੋਮ ਨਾਥ ਉਰਫ਼ ਬਿੱਕੋ ਵਾਸੀ ਕਾਰਾਵਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਪੁਲਿਸ ਨੇ ਰਜਿਸਟ੍ਰੇਸ਼ਨ ਨੰਬਰ ਪੀਬੀ04ਵੀ6366 ਵਾਲੇ ਟਰੱਕ ਨੂੰ ਵੀ ਜ਼ਬਤ ਕਰ ਲਿਆ ਹੈ।


 ਆਈ.ਜੀ.ਪੀ ਲੁਧਿਆਣਾ ਰੇਂਜ ਸੁਰਿੰਦਰ ਪਾਲ ਸਿੰਘ ਪਰਮਾਰ, ਜਿਨ੍ਹਾਂ ਨਾਲ ਐਸ.ਬੀ.ਐਸ.ਨਗਰ ਦੇ ਐਸ.ਐਸ.ਪੀ. ਭਾਗੀਰਥ ਮੀਨਾ ਵੀ ਮੌਜੂਦ ਸਨ, ਨੇ ਐਸ.ਬੀ.ਐਸ.ਨਗਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜੇਸ਼ ਕੁਮਾਰ ਨਾਮ ਦਾ ਨਸ਼ਾ ਤਸਕਰ ਆਪਣੇ ਸਾਥੀਆਂ ਸੋਮ ਨਾਥ ਬਿੱਕੋ, ਕੁਲਵਿੰਦਰ ਕਿੰਦਾ ਅਤੇ ਬਿੱਟੂ ਨਾਲ ਮਿਲ ਕੇ ਟਰੱਕ ਰਾਹੀਂ ਦੂਜੇ ਰਾਜਾਂ ਤੋਂ ਨਸ਼ਾ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਵੱਡੀ ਮਾਤਰਾ 'ਚ ਹੈਰੋਇਨ ਸਪਲਾਈ ਕਰਨ ਦੇ ਧੰਦੇ ਵਿੱਚ ਸ਼ਾਮਲ ਹੈ।


ਇਸ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਤੁਰੰਤ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਐੱਨ.ਡੀ.ਪੀ.ਐੱਸ.ਐਕਟ ਦੀਆਂ ਧਾਰਾਵਾਂ 21/25/28-61-85 ਤਹਿਤ ਐਫ.ਆਈ.ਆਰ. ਨੰ 138 ਮਿਤੀ 27-08-2022 ਦਰਜ ਕਰਕੇ ਐਸ.ਬੀ.ਐਸ.ਨਗਰ ਵਿੱਚ ਮਹਾਲੋਂ ਬਾਈਪਾਸ ਵਿਖੇ ਸ੍ਰੀ ਰਣਜੀਤ ਸਿੰਘ ਪੀ.ਪੀ.ਐਸ ਅਤੇ ਐਸ.ਆਈ ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਵਿਸ਼ੇਸ਼ ਨਾਕਾਬੰਦੀ ਕੀਤੀ ਗਈ।

 


ਨਾਕਾਬੰਦੀ ਦੌਰਾਨ ਜਦੋਂ ਪੁਲੀਸ ਪਾਰਟੀ ਨੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਕੁਲਵਿੰਦਰ ਕਿੰਦਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਪਾਰਟੀ ਨੇ ਉਸ ਨੂੰ ਅਤੇ ਬਿੱਟੂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਤਰਪਾਲ ਵਿੱਚ ਲਪੇਟ ਕੇ ਇੱਕ ਟੂਲ ਬਾਕਸ ਵਿੱਚ ਲੁਕਾ ਕੇ ਰੱਖੇ 38 ਕਿਲੋ ਹੈਰੋਇਨ ਦੇ ਪੈਕਟ ਬਰਾਮਦ ਕੀਤੇ। 

ਐਸਐਸਪੀ ਭਾਗੀਰਥ ਮੀਨਾ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਟਰੱਕ ਡਰਾਈਵਰ ਕੁਲਵਿੰਦਰ ਕਿੰਦਾ ਨੇ ਦੱਸਿਆ ਕਿ ਉਸ ਨੂੰ ਟੈਲੀਗ੍ਰਾਮ ਐਪ ਰਾਹੀਂ ਰਾਜੇਸ਼ ਕੁਮਾਰ ਦਾ ਫੋਨ ਆਇਆ ਸੀ, ਜਿਸ ਨੇ ਉਸ ਨੂੰ ਗੁਜਰਾਤ ਦੇ ਭੁਜ ਵਿੱਚ ਦੱਸੀ ਗਈ ਥਾਂ ਤੋਂ ਹੈਰੋਇਨ ਫੜ੍ਹ ਕੇ ਪੰਜਾਬ ਲਿਆਉਣ ਲਈ ਕਿਹਾ ਸੀ। ਦੋਸ਼ੀ ਨੇ ਅੱਗੇ ਦੱਸਿਆ ਕਿ ਜਦੋਂ ਉਹ ਉਕਤ ਸਥਾਨ 'ਤੇ ਪਹੁੰਚਿਆ ਤਾਂ ਕੋਈ ਅਣਪਛਾਤਾ ਵਿਅਕਤੀ ਆਇਆ ਜੋ  ਉਸ ਦੇ ਟਰੱਕ 'ਚ ਨਸ਼ੀਲਾ ਪਦਾਰਥ ਰੱਖ ਕੇ ਚਲਾ ਗਿਆ।

Have something to say? Post your comment