ਨਵੀਂ ਦਿੱਲੀ : ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਨੀਰਜ ਚੋਪੜਾ ਅਥਲੈਟਿਕਸ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਹਨ। ਨੀਰਜ ਚੋਪੜਾ ਨੇ ਫਾਈਨਲ ਮੈਚ ਵਿੱਚ 87.58 ਮੀਟਰ ਜੈਵਲਿਨ ਥ੍ਰੋਅ ਵਿੱਚ ਸੋਨ ਤਗਮਾ ਜਿੱਤਿਆ। ਨੀਰਜ ਚੋਪੜਾ ਦੀ ਜਿੱਤ ‘ਤੇ ਹਰਿਆਣਾ ਸਰਕਾਰ ਨੇ ਉਸ ਲਈ ਵੱਡਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਹਰਿਆਣਾ ਸਰਕਾਰ ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਅਤੇ ਕਲਾਸ-1 ਦੀ ਨੌਕਰੀ ਦਵੇਗੀ। ਨੀਰਜ ਚੋਪੜਾ ਪੰਚਕੂਲਾ ਵਿੱਚ ਸਥਾਪਤ ਕੀਤੇ ਜਾਣ ਵਾਲੇ ਅਥਲੈਟਿਕਸ ਕੇਂਦਰ ਦੇ ਮੁਖੀ ਹੋਣਗੇ। ਇਸ ਦੇ ਨਾਲ ਹੀ ਓਲੰਪਿਕਸ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ 13 ਅਗਸਤ ਨੂੰ ਪੰਚਕੂਲਾ ਵਿੱਚ ਸਨਮਾਨਿਤ ਕੀਤਾ ਜਾਵੇਗਾ। ਓਲੰਪਿਕਸ ਵਿੱਚ ਸੋਨ ਤਮਗਾ ਮਿਲਣ ਨਾਲ ਸਾਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ। ਜਦੋਂ ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ ਵਿੱਚ ਸੋਨ ਤਮਗਾ ਜਿੱਤਿਆ, ਇਹ ਖਬਰ ਸਾਹਮਣੇ ਆਉਂਦੇ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਨੱਚ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ। ਅਨਿਲ ਵਿੱਜ ਨੇ ਵਰਕਰਾਂ ਨਾਲ ਭੰਗੜਾ ਪਾਇਆ।