Wednesday, April 02, 2025

Punjab

ਮੁੱਖ ਮੰਤਰੀ ਦੀ ਗੈਂਗਸਟਰ ਵਿਰੋਧੀ ਮੁਹਿੰਮ ਨੂੰ ਮਿਲੀ ਹੋਰ ਵੱਡੀ ਸਫ਼ਲਤਾ; ਰੂਪਨਗਰ ਪੁਲਿਸ ਨੇ ਪਿੰਦਰੀ ਗੈਂਗ ਦੇ 10 ਖ਼ਤਰਨਾਕ ਗੈਂਗਸਟਰ ਕਾਬੂ

Gangsters of Pindri gang Arrest

August 08, 2022 07:25 PM

 

ਚੰਡੀਗੜ੍ਹ/ਰੂਪਨਗਰ: ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜਾਰੀ ਰੱਖਦਿਆਂ ਰੂਪਨਗਰ ਪੁਲਿਸ ਵਲੋਂ ਲਾਰੈਂਸ ਬਿਸ਼ਨੌਈ ਗੈਂਗ ਨਾਲ ਸਬੰਧਤ ਪਿੰਦਰੀ ਗੈਂਗ ਦੇ 10 ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ ਕੋਲੋਂ ਸੱਤ ਗੈਰ ਕਾਨੂੰਨੀ ਹਥਿਆਰ ਅਤੇ 51 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਰੂਪਨਗਰ ਰੇਂਜ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਜਿਨ੍ਹਾਂ ਨਾਲ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸ.ਐਸ.ਪੀ.) ਸ੍ਰੀ ਸੰਦੀਪ ਗਰਗ ਵੀ ਮੌਜੂਦ ਸਨ, ਨੇ ਦੱਸਿਆ ਕਿ ਪੁਲਿਸ ਟੀਮ ਨੇ ਗੈਂਗ ਦੇ ਸਰਗਨੇ ਪਰਮਿੰਦਰ ਸਿੰਘ ਉਰਫ ਪਿੰਦਰੀ, ਜੋ ਨੰਗਲ-ਰੂਪਨਗਰ-ਨੂਰਪੁਰ ਬੇਦੀ ਪੱਟੀ ਵਿੱਚ ਬਿਸ਼ਨੋਈ ਗੈਂਗ ਦੀ ਕਾਰਵਾਈ ਨੂੰ ਸੰਭਾਲ ਰਿਹਾ ਸੀ, ਦਾ ਪਤਾ ਲਗਾਉਣ ਲਈ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕੀਤੀ। ਸ੍ਰੀ ਭੁੱਲਰ ਨੇ ਦੱਸਿਆ ਕਿ ਇਸ ਖਤਰਨਾਕ ਗੈਂਗਸਟਰ ਦੇ ਖਿਲਾਫ਼ ਪਹਿਲਾਂ ਹੀ ਰੂਪਨਗਰ, ਹਰਿਆਣਾ, ਜਲੰਧਰ ਅਤੇ ਪਟਿਆਲਾ ਦੇ ਪੁਲਿਸ ਸਟੇਸ਼ਨਾਂ ਵਿੱਚ 22 ਐਫ.ਆਈ.ਆਈਜ਼ (ਜਿਸ ਵਿੱਚ ਕਤਲ ਦੀ ਕੋਸ਼ਿਸ ਸਬੰਧੀ ਮਾਮਲਾ ਵੀ ਸਾਮਿਲ ਹੈ) ਦਰਜ ਹਨ।
ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਨੇ ਦੱਸਿਆ ਕਿ ਪਰਮਿੰਦਰ ਸਿੰਘ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਹੈ, ਜੋ ਗ੍ਰਿਫ਼ਤਾਰੀ ਤੋਂ ਬੱਚਣ ਲਈ ਹਿਮਾਚਲ ਪ੍ਰਦੇਸ਼ ਵਿੱਚ ਲੁਕਿਆ ਹੋਇਆ ਸੀ ਅਤੇ ਉਥੋਂ ਵੱਖ-ਵੱਖ ਕਾਰਵਾਈਆਂ ਨੂੰ ਅੰਜ਼ਾਮ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਹੋਰਨਾਂ ਅਪਰਾਧਾਂ ਤੋਂ ਇਲਾਵਾ ਇਸ ਖੇਤਰ ਵਿੱਚ ਨਸ਼ਾ ਤਸਕਰੀ ‘ਚ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਹੋਰ ਪੜਤਾਲ ਜਾਰੀ ਹੈ।
ਐਸ.ਐਸ.ਪੀ. ਸੰਦੀਪ ਗਰਗ ਨੇ ਦੱਸਿਆ ਕਿ ਪਰਮਿੰਦਰ ਤੋਂ ਇਲਾਵਾ ਪੁਲਿਸ ਵਲੋਂ ਹੋਰਨਾਂ ਗੈਂਗਸਟਰਾਂ ਜਿਸ ਵਿੱਚ ਬਲਜਿੰਦਰ ਸਿੰਘ ਉਰਫ਼ ਬਿੱਲਾ, ਗੁਰਦੀਪ ਸਿੰਘ ਉਰਫ਼ ਗੋਗੀ, ਜਸਪ੍ਰੀਤ ਸਿੰਘ ਉਰਫ਼ ਮੱਕੜ, ਗੁਰਪ੍ਰੀਤ ਸਿੰਘ ਉਰਫ਼ ਭੋਲੂ, ਇਕਬਾਲ ਮੁਹੰਮਦ, ਸੁਰਿੰਦਰ ਸਿੰਘ ਉਰਫ਼ ਛਿੰਦਾ, ਦਾਰਾ ਸਿੰਘ ਉਰਫ਼ ਦਾਰਾ, ਸੁਖਵਿੰਦਰ ਸਿੰਘ ਉਰਫ਼ ਕਾਲਾ ਅਤੇ ਰੋਬਿਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੱਤ ਗੈਰ ਕਾਨੂੰਨੀ ਹਥਿਆਰ ਜਿਸ ਵਿੱਚ .32 ਬੋਰ ਦੇ ਦੋ ਦੇਸੀ ਪਿਸਤੌਲ, .30 ਬੋਰ ਦੇ ਦੋ ਦੇਸੀ ਪਿਸਤੌਲ, .315 ਬੋਰ ਦੇ ਦੋ ਦੇਸੀ ਪਿਸਤੌਲ ਅਤੇ .12 ਬੋਰ ਦੇ ਇਕ ਦੇਸੀ ਪਿਸਤੌਲ ਅਤੇ 51 ਜਿੰਦਾ ਕਾਰਤੂਸ ਅਤੇ ਇਕ ਮੈਗਜੀਨ ਬਰਾਮਦ ਕੀਤੇ ਗਏ ਹਨ। ਸ੍ਰੀ ਗਰਗ ਨੇ ਕਿਹਾ ਕਿ ਇਹ ਸਾਰੇ ਖਤਰਨਾਕ ਅਪਰਾਧੀ ਹਨ। ਉਨ੍ਹਾਂ ਦੱਸਿਆ ਕਿ ਖਤਰਨਾਕ ਅਪਰਾਧੀ ਪਿੰਦਰੀ ਖਿਲਾਫ਼ 22 ਐਫ.ਆਈ.ਆਰ., ਬਲਜਿੰਦਰ ਦੇ ਖਿਲਾਫ਼ ਦੋ, ਗੁਰਪ੍ਰੀਤ, ਜਸਪ੍ਰੀਤ ਅਤੇ ਗੁਰਦੀਪ ਦੇ ਖਿਲਾਫ਼ ਇਕ-ਇਕ, ਇਕਬਾਲ ਮੁਹੰਮਦ ਦੇ ਖਿਲਾਫ਼ ਸੱਤ, ਸੁਰਿੰਦਰ ਦੇ ਖਿਲਾਫ਼ ਚਾਰ ਅਤੇ ਦਾਰਾ ਦੇ ਖਿਲਾਫ਼ 24 ਐਫ.ਆਈ.ਆਰ. ਦਰਜ ਹਨ।

Have something to say? Post your comment