Wednesday, April 02, 2025

Punjab

ਪੰਜਾਬ ਸਰਕਾਰ ਨੇ ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ਗੋਟ ਪੌਕਸ ਦਵਾਈ ਦੀਆਂ 66,666 ਡੋਜ਼ ਮੰਗਵਾਈਆਂ

Laljit Singh Bhullar

August 07, 2022 05:07 PM

ਚੰਡੀਗੜ੍ਹ : ਲਾਗ ਦੀ ਬੀਮਾਰੀ ਲੰਪੀ ਸਕਿੱਨ ਤੋਂ ਪਸ਼ੂਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਗੋਟ ਪੌਕਸ ਦਵਾਈ ਦੀਆਂ 66,666 ਡੋਜ਼ ਮੰਗਵਾਈਆਂ ਹਨ, ਜੋ ਸੂਬੇ ਦੇ ਸਿਹਤਮੰਦ ਪਸ਼ੂਆਂ ਨੂੰ ਮੁਫ਼ਤ ਲਾਈ ਜਾਵੇਗੀ ਤਾਂ ਜੋ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।

ਇਹ ਜਾਣਕਾਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਹਲਕਾ ਖੇਮਕਰਨ ਦੇ ਪਿੰਡ ਮਾਣਕਪੁਰਾ, ਗਿੱਲ ਡੇਅਰੀ ਫਾਰਮ ਮਾੜੀ ਬੋਹੜ ਵਾਲੀ, ਪਿੰਡ ਮਦਰ ਅਤੇ ਗਿੱਲ ਡੇਅਰੀ ਫਾਰਮ ਮਦਰ, ਪਿੰਡ ਭੰਡਾਲ ਅਤੇ ਸੰਧੂ ਡੇਅਰੀ ਫਾਰਮ ਬਹਿੜਵਾਲ ਦਾ ਤੂਫਾਨੀ ਦੌਰਾ ਕਰਨ ਮੌਕੇ ਦਿੱਤੀ।

ਪੰਜਾਬ ਦੇ ਦੌਰੇ ਦੇ ਲਗਾਤਾਰ ਤੀਜੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਹੈਦਰਾਬਾਦ ਤੋਂ ਉਚੇਚੇ ਤੌਰ 'ਤੇ ਮੰਗਵਾਈ ਗਈ ਇਹ ਦਵਾਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਭੇਜੀ ਜਾ ਚੁੱਕੀ ਹੈ ਅਤੇ ਡਾਕਟਰਾਂ ਨੇ ਦਵਾਈ ਨੂੰ ਸਿਹਤਮੰਦ ਪਸ਼ੂਆਂ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸਿਹਤਮੰਦ ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਇਹ ਦਵਾਈ ਪਸ਼ੂਆਂ ਨੂੰ ਮੁਫ਼ਤ ਲਗਾਈ ਜਾ ਰਹੀ ਹੈ।

ਮੰਤਰੀ ਨੇ ਦੱਸਿਆ ਕਿ ਹੋਰ ਦਵਾਈ ਮੰਗਵਾਉਣ ਲਈ ਵਿਭਾਗ ਦੇ ਅਧਿਕਾਰੀ ਨਿਰੰਤਰ ਕਾਰਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰ ਸਾਰਥਕ ਕਦਮ ਚੁੱਕ ਰਹੀ ਹੈ। ਪਸ਼ੂਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਦਵਾਈਆਂ ਤੋਂ ਇਲਾਵਾ ਹੋਰ ਸਾਜੋ-ਸਾਮਾਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇ।

ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲਿਅ੍ਹਾਂ ਨੂੰ 76 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹਿਆਂ ਵਿਚ ਤੈਨਾਤ ਅਮਲੇ ਦੇ ਨਾਲ-ਨਾਲ ਮੁੱਖ ਦਫ਼ਤਰ ਤੋਂ ਵੀ ਵੈਟਰਨਰੀ ਅਧਿਕਾਰੀ ਜ਼ਿਲ੍ਹਿਆਂ ਵਿੱਚ ਭੇਜੇ ਗਏ ਹਨ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਲੰਪੀ ਸਕੀਨ ਬਿਮਾਰੀ ਵਿਸ਼ੇਸ਼ ਤੌਰ 'ਤੇ ਗਾਵਾਂ ਵਿਚ ਫੈਲ ਰਹੀ ਹੈ ਅਤੇ ਸੂਬੇ ਦੇ ਕਈ ਜ਼ਿਲ੍ਹੇ ਇਸ ਬੀਮਾਰੀ ਦੀ ਚਪੇਟ ਵਿਚ ਆ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਪਸ਼ੂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਖੁੱਲ੍ਹੇ ਵਿੱਚ ਨਾ ਸੁੱਟਿਆ ਜਾਵੇ, ਸਗੋਂ ਦਫ਼ਨ ਕੀਤਾ ਜਾਵੇ ਅਤੇ ਹਾਲ ਦੀ ਘੜੀ ਦੂਜੇ ਰਾਜਾਂ ਤੋਂ ਪਸ਼ੂ ਖਰੀਦ ਕੇ ਪੰਜਾਬ ਅੰਦਰ ਨਾ ਲਿਆਂਦੇ ਜਾਣ ਤਾਂ ਜੋ ਬੀਮਾਰੀ ਦੇ ਫੈਲਣ ਨੂੰ ਰੋਕਿਆ ਜਾ ਸਕੇ।

Have something to say? Post your comment