ਮੋਹਾਲੀ : ਆਪ ਪਾਰਟੀ ਦਾ ਇੱਕ ਹੋਰ ਵਿਧਾਇਕ ਵਿਵਾਦਾਂ ਵਿੱਚ ਘਿਰ ਗਿਆ ਹੈ। ਡੇਰਾਬੱਸੀ ਤੋਂ ਆਪ ਦੇ ਵਿਧਾਇਕ ਕੁਲਜੀਤ ਰੰਧਾਵਾ ਦੇ ਪੀਏ ਨਿਤਿਨ ਲੂਥਰਾ ਉੱਪਰ ਪੁਲਿਸ ਚੌਕੀ ਦੇ ਇੰਚਾਰਜ ਤੋਂ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗਣ ਦੇ ਇਲਜ਼ਾਮ ਲੱਗੇ ਹਨ। ਇਹ ਮੀਡੀਆ ਰਿਪੋਰਟ ਸਾਹਮਣੇ ਆਉਣ ਮਗਰੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸੀਐਮ ਮਾਨ ਨੂੰ ਘੇਰਿਆ ਹੈ। ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਕੱਟੜ ਇਮਾਨਦਾਰ ਸਰਕਾਰ ਦੇ ਕੰਮ। 'ਆਪ' ਪੰਜਾਬ ਦੇ ਵਿਧਾਇਕ ਦੇ ਪੀਏ ਨੇ ਥਾਣਾ ਇੰਚਾਰਜ ਤੋਂ 1 ਲੱਖ ਦੀ ਰਿਸ਼ਵਤ ਮੰਗੀ। ਚੌਕੀ ਇੰਚਾਰਜ ਨੇ ਪੈਸੇ ਦੇਣ ਤੋਂ ਨਾਂਹ ਕੀਤੀ ਤਾਂ ‘ਆਪ’ ਵਿਧਾਇਕ ਨੇ ਤਬਾਦਲਾ ਕਰਵਾ ਦਿੱਤਾ। ਭਗਵੰਤ ਮਾਨਜੀ, ਇੰਨੇ ਗੰਭੀਰ ਮੁੱਦੇ 'ਤੇ ਤੁਹਾਡੀ ਚੁੱਪੀ ਬਹੁਤ ਕੁਝ ਕਹਿੰਦੀ ਹੈ।
ਇਸ ਦੀ ਸ਼ਿਕਾਇਤ ਆਮ ਆਦਮੀ ਪਾਰਟੀ ਦੇ ਨੇਤਾ ਵਿਕਰਮ ਧਵਨ ਨੇ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 95012-00200 'ਤੇ ਭੇਜਿਆ। ਪੰਜਾਬ ਸਰੋਕਾਰ ਨਿਊ਼ਜ਼ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਇਸ ਦੌਰਾਨ ਵਿਧਾਇਕ ਕੁਲਜੀਤ ਰੰਧਾਵਾ ਨੇ ਕਿਹਾ ਕਿ ਮੇਰੇ ਕਿਸੇ ਆਦਮੀ ਨੇ ਕੋਈ ਪੈਸਾ ਨਹੀਂ ਮੰਗਿਆ। ਜੇਕਰ ਮੇਰੇ ਵਰਕਰ ਦੀ ਪੈਸੇ ਦੀ ਮੰਗ ਸਾਬਤ ਹੁੰਦੀ ਹੈ ਤਾਂ ਮੈਂ ਉਸ 'ਤੇ ਪਰਚਾ ਦਰਜ ਕਰਵਾ ਕੇ ਕਾਰਵਾਈ ਕਰਵਾਂਗਾ। ਪੀਏ ਦਾ ਜਵਾਬ ਆਉਣਾ ਅਜੇ ਬਾਕੀ ਹੈ।