Friday, April 04, 2025

Punjab

ਵਿਜੀਲੈਂਸ ਬਿਊਰੋ ਨੇ ਨਾਇਬ ਕੋਰਟ ASI ਅਵਤਾਰ ਸਿੰਘ ਨੂੰ 7000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜ੍ਹਿਆ

Punjab Police

August 01, 2022 04:42 PM

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸ਼ਹਿਸ਼ੀਲਤਾ ਦੀ ਨੀਤੀ ਨੂੰ ਮੁੱਖ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਚਲਾਈ ਮੁਹਿੰਮ ਦੌਰਾਨ ਸੋਮਵਾਰ ਨੂੰ ਅਦਾਲਤੀ ਕੰਪਲੈਕਸ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ. ਅਵਤਾਰ ਸਿੰਘ ਨਾਇਬ ਕੋਰਟ ਨੂੰ 7000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਏ.ਐਸ.ਆਈ. ਅਵਤਾਰ ਸਿੰਘ ਨੂੰ ਸੰਦੀਪ ਕੁਮਾਰ ਵਾਸੀ ਗਿਆਨਪੁਰਾ, ਉੱਤਰ ਪ੍ਰਦੇਸ਼, ਜੋ ਕਿ ਹੁਣ ਮਾਛੀਵਾੜਾ ਦੀ ਨਾਗਰਾ ਕਲੋਨੀ ਵਿੱਚ ਰਹਿ ਰਿਹਾ ਹੈ, ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ।
ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਓਰੋ ਦੇ ਦਫ਼ਤਰ ਲੁਧਿਆਣਾ ਵਿਖੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਖ਼ਿਲਾਫ਼ ਅਦਾਲਤ ਵਿੱਚ ਚਲਦੇ ਇੱਕ ਦੁਰਘਟਨਾ ਦਾ ਕੇਸ ਵਿੱਚ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ ਪਰ ਉਕਤ ਨਾਇਬ ਕੋਰਟ ਇਸ ਸਮਝੌਤੇ ਨੂੰ ਨੇਪਰੇ ਚੜ੍ਹਾਉਣ ਲਈ ਅਦਾਲਤ ਵਿੱਚ ਉਸਦੇ ਬਿਆਨ ਦਰਜ ਕਰਵਾਉਣ ਖਾਤਰ ਸਹਾਇਕ ਸਰਕਾਰੀ ਵਕੀਲ ਦੇ ਨਾਂ ’ਤੇ 20,000 ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਸੌਦਾ 7,000 ਰੁਪਏ ਵਿੱਚ ਤੈਅ ਹੋ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਵਿੱਚ ਦਰਜ ਤੱਥਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਜੁਡੀਸ਼ੀਅਲ ਕੰਪਲੈਕਸ ਸਮਰਾਲਾ ਵਿੱਚ ਨਾਇਬ ਕੋਰਟ ਅਵਤਾਰ ਸਿੰਘ ਏ.ਐਸ.ਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 7,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਮੁਲਜਮ ਖਿਲਾਫ ਮੁਕੱਦਮਾ ਨੰ: 10 ਮਿਤੀ 01.08.2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Have something to say? Post your comment