Wednesday, April 02, 2025

Punjab

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਦੌਰਾ

Sports Minister Gurmeet Singh Meet Hayer

July 30, 2022 09:48 AM

ਪਟਿਆਲਾ : ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ, ਸਾਇੰਸ, ਟੈਕਨੋਲੋਜੀ ਤੇ ਵਾਤਾਵਰਣ ਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ, ਪ੍ਰਸ਼ਾਸਕੀ ਸੁਧਾਰ ਅਤੇ ਪ੍ਰਿਟਿੰਗ ਤੇ ਸਟੇਸ਼ਨਰੀ ਵਿਭਾਗਾਂ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸਿੱਧੂਵਾਲ ਵਿਖੇ ਉਸਾਰੀ ਜਾ ਰਹੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਦੌਰਾ ਕੀਤਾ ਤੇ ਯੂਨੀਵਰਸਿਟੀ ਦੇ ਨਵੇਂ ਬਣ ਰਹੇ ਅਕਾਦਮਿਕ ਬਲਾਕ ਅਤੇ ਲੜਕੇ ਤੇ ਲੜਕੀਆਂ ਲਈ ਬਣ ਰਹੇ ਹੋਸਟਲ ਦੇ ਕੰਮ ਦੀ ਸਮੀਖਿਆ ਕੀਤੀ। ਇਸ ਮੌਕੇ ਐਮ.ਐਲ.ਏ. ਪਟਿਆਲਾ ਦਿਹਾਤੀ ਡਾ. ਬਲਬੀਰ ਸਿੰਘ ਤੇ ਐਮ.ਐਲ.ਏ. ਘਨੌਰ ਸ. ਗੁਰਲਾਲ ਸਿੰਘ ਘਨੌਰ ਵੀ ਮੌਜੂਦ ਸਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ 'ਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਮੁੱਖੀ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸ ਵਿੱਤੀ ਸਾਲ ਦੇ ਬਜਟ 'ਚ ਵੀ ਲਗਭਗ 20 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਸਪੋਰਟਸ ਯੂਨੀਵਰਸਿਟੀ ਦੇ ਬਣ ਰਹੇ ਬਲਾਕਾਂ ਦੇ ਨਾਲ ਨਾਲ ਖੇਡ ਮੈਦਾਨ ਵਿਕਸਤ ਕਰਨ ਲਈ ਕਿਹਾ ਤਾਂ ਜੋ ਕਲਾਸਾਂ ਸ਼ੁਰੂ ਹੋਣ ਸਮੇਂ ਖਿਡਾਰੀ ਪੜਾਈ ਦੇ ਨਾਲ ਨਾਲ ਖੇਡ ਪ੍ਰੈਕਟਿਸ ਵੀ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ 'ਚ ਖੇਡਾਂ ਦਾ ਮਾਹੌਲ ਸਿਰਜਣ ਲਈ ਪੰਜਾਬ ਸਰਕਾਰ ਵੱਲੋਂ 29 ਅਗਸਤ ਤੋਂ ਪੰਜਾਬ ਖੇਡ ਮੇਲਾ ਵੀ ਕਰਵਾਇਆ ਜਾ ਰਿਹਾ ਹੈ, ਜਿਸ 'ਚ 14 ਤੋਂ 60 ਸਾਲ ਵੈਟਰਨ ਗਰੁੱਪ ਤੱਕ 30 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਇਸ ਮੌਕੇ ਐਮ.ਐਲ.ਏ. ਪਟਿਆਲਾ ਦਿਹਾਤੀ ਡਾ. ਬਲਬੀਰ ਸਿੰਘ ਨੇ ਪਿੰਡ ਸਿੱਧੂਵਾਲ ਦੇ ਵਸਨੀਕਾਂ ਵੱਲੋਂ ਯੂਨੀਵਰਸਿਟੀ ਬਣਾਉਣ ਲਈ ਦਿੱਤੀ ਜਗ੍ਹਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਪਿੰਡ ਵਾਲਿਆਂ ਨੂੰ ਯੂਨੀਵਰਸਿਟੀ 'ਚ ਦਾਖਲੇ ਤੇ ਨੌਕਰੀ ਸਮੇਂ ਪਹਿਲ ਦੇਣ ਸਬੰਧੀ ਵਿਚਾਰ ਕਰੇ ਤਾਂ ਜੋ ਪਿੰਡ ਵਾਲਿਆਂ ਨੂੰ ਵੀ ਇਸ ਯੂਨੀਵਰਸਿਟੀ ਦਾ ਫਾਇਦਾ ਮਿਲ ਸਕੇ। ਐਮ.ਐਲ.ਏ. ਘਨੌਰ ਸ. ਗੁਰਲਾਲ ਸਿੰਘ ਘਨੌਰ ਨੇ ਕਿਹਾ ਕਿ ਸਾਨੂੰ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਬੱਚੇ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਵੱਲ ਉਤਸ਼ਾਹਤ ਕਰਨ ਦੀ ਜ਼ਰੂਰਤ ਹੈ।
ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫ. ਜਨਰਲ ਡਾ. ਜੇ.ਐਸ ਚੀਮਾ ਨੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੀ ਪੂਰੀ ਕਾਰਜਪ੍ਰਣਾਲੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 92.7 ਏਕੜ 'ਚ ਬਣਾਈ ਜਾ ਰਹੀ ਯੂਨੀਵਰਸਿਟੀ ਦੀ ਬਾਹਰੀ ਦੀਵਾਰ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਅਕਾਦਮਿਕ ਬਲਾਕ ਅਤੇ ਲੜਕੇ ਤੇ ਲੜਕੀਆਂ ਲਈ ਹੋਸਟਲ ਦੀਆਂ ਬਿਲਡਿੰਗਾਂ ਦਾ ਕੰਮ ਚੱਲ ਰਿਹਾ ਹੈ ਤੇ ਅਗਲੇ ਸੈਸ਼ਨ 'ਚ ਯੂਨੀਵਰਸਿਟੀ 'ਚ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਯੂਨੀਵਰਸਿਟੀ 'ਚ ਖੇਡ ਮੈਦਾਨ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਨੇ ਯੂਨੀਵਰਸਿਟੀ ਦਾ ਪ੍ਰਾਸਪੈਕਟਸ ਵੀ ਜਾਰੀ ਕੀਤਾ।
ਇਸ ਮੌਕੇ ਯੂਨੀਵਰਸਿਟੀ ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ, ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜਦਾਨ, ਪਿੰਡ ਦੇ ਸਰਪੰਚ ਤਰੇਸਮ ਸਿੰਘ, ਐਕਸੀਅਨ ਪਿਯੂਸ਼ ਅਗਰਵਾਲ, ਜੇ.ਐਸ. ਅਨੰਦ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਕੈਪਸ਼ਨ : ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀਦਾ ਦੌਰਾ ਕਰਦੇ ਹੋਏ।

Have something to say? Post your comment