ਮੋਹਾਲੀ: ਸੁਪਰੀਮ ਕੋਰਟ ਕਾਲੇਜੀਅਮ ਨੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 13 ਵਕੀਲਾਂ ਨੂੰ ਜੱਜ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਅਜਿਹੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਜਲਦ ਹੀ 13 ਜੱਜ ਮਿਲਣਗੇ ਅਤੇ ਖਾਲੀ ਅਸਾਮੀਆਂ ਦੀ ਗਿਣਤੀ ਵੀ ਘੱਟ ਹੋ ਜਾਵੇਗੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿਨ੍ਹਾਂ 13 ਵਕੀਲਾਂ ਨੂੰ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ, ਉਨ੍ਹਾਂ ਵਿੱਚ ਨਿਧੀ ਗੁਪਤਾ, ਸੰਜੇ ਵਸ਼ਿਸ਼ਟ, ਤ੍ਰਿਭੁਵਨ ਦਹੀਆ, ਨਮਿਤ ਕੁਮਾਰ, ਹਰਕੇਸ਼ ਮਨੂਜਾ, ਅਮਨ ਚੌਧਰੀ, ਨਰੇਸ਼ ਸਿੰਘ ਸ਼ੇਖਾਵਤ, ਹਰਸ਼ ਬੁੰਗਰ, ਜਗਮੋਹਨ ਬਾਂਸਲ, ਦੀਪਕ ਮਨਚੰਦਾ, ਅਲੋਕ ਕੁਮਾਰ ਜੈਨ, ਹਰਪ੍ਰੀਤ ਸਿੰਘ ਬਰਾੜ ਅਤੇ ਕੁਲਦੀਪ ਤਿਵਾੜੀ ਦੇ ਨਾਂ ਸ਼ਾਮਲ ਹਨ।
ਸੁਪਰੀਮ ਕੋਰਟ ਕਾਲੇਜੀਅਮ ਨੇ ਸੋਮਵਾਰ ਨੂੰ ਇਨ੍ਹਾਂ 13 ਨਾਵਾਂ ਨੂੰ ਮਨਜ਼ੂਰੀ ਦੇ ਕੇ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਨੂੰ ਭੇਜ ਦਿੱਤਾ ਹੈ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਨੂੰ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਜਾਵੇਗਾ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਇਸ ਸਮੇਂ ਜੱਜਾਂ ਦੀ ਘਾਟ ਹੈ। ਹਾਈ ਕੋਰਟ ਵਿੱਚ ਜੱਜਾਂ ਦੀਆਂ 85 ਅਸਾਮੀਆਂ ਮਨਜ਼ੂਰ ਹਨ ਪਰ ਇਸ ਵੇਲੇ ਸਿਰਫ਼ 46 ਅਸਾਮੀਆਂ ਹੀ ਭਰੀਆਂ ਗਈਆਂ ਹਨ। ਬਾਕੀ 39 ਅਸਾਮੀਆਂ ਖਾਲੀ ਹਨ। ਹਾਈ ਕੋਰਟ ਵਿੱਚ ਪੈਂਡਿੰਗ ਕੇਸਾਂ ਦੀ ਵਧਦੀ ਗਿਣਤੀ ਮੁਸੀਬਤ ਬਣ ਰਹੀ ਸੀ ਅਤੇ ਹਾਈ ਕੋਰਟ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਸੀ। ਇਨ੍ਹਾਂ 13 ਵਕੀਲਾਂ ਦੀ ਬਤੌਰ ਜੱਜ ਨਿਯੁਕਤੀ ਤੋਂ ਬਾਅਦ ਹਾਈ ਕੋਰਟ ਵਿਚ ਜੱਜਾਂ ਦੀ ਗਿਣਤੀ ਹੋਰ ਵਧ ਜਾਵੇਗੀ।