Wednesday, December 18, 2024

Punjab

ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ : ਪੰਜਾਬ ਪੁਲਿਸ ਦੀ ਸੂਹ 'ਤੇ ਹੁਣ ਮੁੰਬਈ ਦੇ ਨਹਾਵਾ ਸ਼ੇਵਾ ਬੰਦਰਗਾਹ ਤੋਂ 73 ਕਿਲੋ ਹੈਰੋਇਨ ਬਰਾਮਦ

Punjab Police

July 15, 2022 04:16 PM

ਚੰਡੀਗੜ੍ਹ : ਨਸ਼ਿਆਂ ਵਿਰੁੱਧ ਜਾਰੀ ਜੰਗ ਦੌਰਾਨ ਪੰਜਾਬ ਪੁਲਿਸ ਨੇ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕਰਦਿਆਂ ਮੁੰਬਈ ਦੇ ਨਹਾਵਾ ਸ਼ੇਵਾ ਬੰਦਰਗਾਹ ਵਿਖੇ ਇੱਕ ਕੰਟੇਨਰ ਤੋਂ ਲਗਭਗ 73 ਕਿਲੋਗ੍ਰਾਮ ਹੈਰੋਇਨ ਦੀ ਇੱਕ ਹੋਰ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਯੂਏਈ ਤੋਂ ਹੈਰੋਇਨ ਦੀ ਤਸਕਰੀ ਸਬੰਧੀ ਮਿਲੀ ਖੁਫੀਆ ਜਾਣਕਾਰੀ ਮਿਲਣ ਉਪਰੰਤ ਪੰਜਾਬ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕੀਤੀ ਗਈ।

ਪੰਜਾਬ ਪੁਲਿਸ ਵੱਲੋਂ ਇਹ ਵੱਡੀ ਖੇਪ ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ ਇੱਕ ਕੰਟੇਨਰ ਤੋਂ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਦੇ 72 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਬਰਾਮਦ ਕੀਤੀ ਗਈ ਹੈ। ਇਸ ਬਰਾਮਦਗੀ ਨਾਲ ਪੰਜਾਬ ਪੁਲਿਸ ਨੇ ਤਿੰਨ ਦਿਨਾਂ ਅੰਦਰ ਕੁੱਲ 148 ਕਿਲੋ ਹੈਰੋਇਨ ਬਰਾਮਦ ਕੀਤੀ ਹੈ।

ਡੀਜੀਪੀ ਨੇ ਕਿਹਾ ਕਿ ਦਿੱਲੀ ਅਧਾਰਤ ਦਰਾਮਦਕਾਰ 'ਨੰਦਨੀ ਟਰੇਡਰਜ਼' ਵੱਲੋਂ ਦਰਾਮਦ ਕੀਤੇ ਗਏ ਚਿੱਟੇ ਸੰਗਮਰਮਰ ਦੀਆਂ ਟਾਈਲਾਂ ਵਾਲੇ ਕੰਟੇਨਰ ਦੇ ਦਰਵਾਜ਼ੇ ਦੇ ਬਾਰਡਰ ਵਿੱਚ ਨਸ਼ੀਲੇ ਪਦਾਰਥਾਂ ਨੂੰ ਛੁਪਾ ਕੇ ਰੱਖਿਆ ਗਿਆ ਸੀ। ਇਸ ਨਸ਼ੀਲੇ ਪਦਾਰਥ ਨੂੰ ਛੁਪਾਉਣ ਉਪਰੰਤ ਮੁਲਜ਼ਮਾਂ ਨੇ ਦਰਵਾਜ਼ੇ ਦੀ ਬਾਰਡਰ ਨੂੰ ਬੜੀ ਸਾਵਧਾਨੀ ਨਾਲ ਵੇਲਡ ਕਰਕੇ ਇਸ ਨੂੰ ਦੁਬਾਰਾ ਪੇਂਟ ਕੀਤਾ।
ਡੀਜੀਪੀ ਗੌਰਵ ਯਾਦਵ ਨੇ ਇਸ ਬਰਾਮਦਗੀ ਨੂੰ ਪੰਜਾਬ ਪੁਲਿਸ ਦੀ ਇੱਕ ਹੋਰ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ ਕਿ ਇਹ ਬਰਾਮਦਗੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੀ ਨਿਰੰਤਰਤਾ ਵਿੱਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਜੰਗ ਜਾਰੀ ਰਹੇਗੀ।

ਹੋਰ ਵੇਰਵਿਆਂ ਦਾ ਖੁਲਾਸਾ ਕਰਦਿਆਂ, ਉਨ੍ਹਾਂ ਕਿਹਾ ਕਿ ਸੂਹ ਮਿਲਣ ਉਪਰੰਤ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਐਸ.ਏ.ਐਸ. ਨਗਰ ਨੇ ਤੁਰੰਤ ਇੱਕ ਪੁਲਿਸ ਟੀਮ ਨੂੰ ਮੁੰਬਈ ਭੇਜਿਆ ਅਤੇ ਨਾਹਵਾ ਸ਼ੇਵਾ ਬੰਦਰਗਾਹ 'ਤੇ ਤਾਇਨਾਤ ਕਰ ਦਿੱਤਾ।

ਡੀਜੀਪੀ ਨੇ ਕਿਹਾ ਕਿ ਮਹਾਰਾਸ਼ਟਰ ਪੁਲਿਸ ਦੁਆਰਾ ਉਚਿਤ ਪ੍ਰਕਿਰਿਆ ਅਤੇ ਦਸਤਾਵੇਜ਼ਾਂ ਦੀ ਪਾਲਣਾ ਕਰਨ ਤੋਂ ਬਾਅਦ, ਕੰਟੇਨਰ ਨੂੰ ਖੋਲ੍ਹਿਆ ਗਿਆ, ਜਿਸ ਤੋਂ 73 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਪੁਲਿਸ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਪੁਲਿਸ ਨੇ ਐਨਡੀਪੀਐਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Have something to say? Post your comment